ਤਾਜਾ ਖਬਰਾਂ
.
ਚੰਡੀਗੜ੍ਹ, 15 ਮਈ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਆਬਕਾਰੀ ਨੀਤੀ 'ਤੇ ਦਿੱਤੇ ਬਿਆਨ 'ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ। 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਅਸੀਂ ਸ਼ਰਾਬ ਮਾਫ਼ੀਆ ਨੂੰ ਖ਼ਤਮ ਕੀਤਾ ਅਤੇ ਮਾਲੀਆ ਵਧਾਇਆ।
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਸੁਧਾਰ ਦੇ ਕੰਮ ਕੀਤੇ ਗਏ। ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਸ਼ਲ ਅਗਵਾਈ ਸਦਕਾ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸ਼ਾਸਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਐਕਸਾਈਜ਼ ਤੋਂ 6000 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਧ ਕੇ 10000 ਕਰੋੜ ਰੁਪਏ ਹੋ ਗਈ ਹੈ
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਹਨ ਕਿਉਂਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਬਹੁਤ ਪਸੰਦ ਕਰਦੇ ਹਨ। ਇੱਥੋਂ ਦੇ ਲੋਕ ਦਿੱਲੀ ਅਤੇ ਪੰਜਾਬ ਸਰਕਾਰਾਂ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਇਸ ਲਈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਪੰਜਾਬ ਦੇ ਲੋਕ ਕਾਫ਼ੀ ਉਤਸ਼ਾਹਿਤ ਹਨ।
ਚੀਮਾ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਸਰਕਾਰ ਵੇਲੇ ਮਾਫ਼ੀਆ ਰਾਜ ਚਲਾਉਂਦੇ ਸਨ,ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਗੱਲ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਚਰਨਜੀਤ ਚੰਨੀ ਦੇ ਤਿੰਨ ਮਹੀਨੇ ਲਈ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਦੇ ਭਤੀਜੇ ਕੋਲੋਂ ਭ੍ਰਿਸ਼ਟਾਚਾਰ ਦੇ ਕਰੋੜਾਂ ਰੁਪਏ ਬਰਾਮਦ ਹੋਏ ਸੀ।
Get all latest content delivered to your email a few times a month.