IMG-LOGO
ਹੋਮ ਪੰਜਾਬ: ਪੰਜਾਬ ਬਾਲ ਵਿਆਹ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਹੈ,...

ਪੰਜਾਬ ਬਾਲ ਵਿਆਹ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਹੈ, 58 ਮਾਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਗਿਆ: ਡਾ. ਬਲਜੀਤ ਕੌਰ

Admin User - Jul 01, 2025 07:21 AM
IMG

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਬਾਲ ਵਿਆਹ ਦੀ ਬੁਰਾਈ ਤੋਂ ਮੁਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਸਰਗਰਮ ਦਖਲ ਅਤੇ ਜਾਗਰੂਕਤਾ ਮੁਹਿੰਮਾਂ ਨੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਨਤੀਜੇ ਦਿੱਤੇ ਹਨ।

 ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਨਵਰੀ 2024 ਤੋਂ ਦਸੰਬਰ 2024 ਤੱਕ, ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕਰਕੇ ਕੁੱਲ 42 ਬਾਲ ਵਿਆਹਾਂ ਨੂੰ ਸਫਲਤਾਪੂਰਵਕ ਰੋਕਿਆ ਗਿਆ, ਜਦੋਂ ਕਿ ਜਨਵਰੀ 2025 ਤੋਂ ਮਾਰਚ 2025 ਦੇ ਵਿਚਕਾਰ 16 ਹੋਰ ਮਾਮਲੇ ਰੋਕੇ ਗਏ। ਪਿਛਲੇ 15 ਮਹੀਨਿਆਂ ਵਿੱਚ ਪੰਜਾਬ ਵਿੱਚ ਕੁੱਲ 58 ਬਾਲ ਵਿਆਹ ਟਾਲੇ ਗਏ ਹਨ।

ਮੰਤਰੀ ਨੇ ਕਿਹਾ ਕਿ ਇਹ ਉਤਸ਼ਾਹਜਨਕ ਪ੍ਰਾਪਤੀ ਬੱਚਿਆਂ ਦੇ ਅਧਿਕਾਰਾਂ ਅਤੇ ਭਵਿੱਖ ਦੀ ਰਾਖੀ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੁਹੱਰਾਇਆ ਕਿ ਬਾਲ ਵਿਆਹ ਇੱਕ ਗੰਭੀਰ ਸਮਾਜਿਕ ਕੁਰੀਤੀ ਹੈ, ਅਤੇ ਰਾਜ ਵਿੱਚੋਂ ਇਸ ਮਾੜੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਖ਼ਤ ਰੋਕਥਾਮ ਵਾਲੇ ਕਦਮ ਚੁੱਕੇ ਜਾ ਰਹੇ ਹਨ

ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਵਿੱਚ ਇੱਕ ਕਾਰਜਸ਼ੀਲ ਚਾਈਲਡ ਹੈਲਪਲਾਈਨ 1098 ਹੈ, ਜੋ 24×7 ਕੰਮ ਕਰਦੀ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ ਬਾਲ ਵਿਆਹਾਂ ਜਾਂ ਕਿਸੇ ਵੀ ਬਾਲ-ਸਬੰਧਤ ਦੁਰਵਿਵਹਾਰ ਜਾਂ ਸ਼ੋਸ਼ਣ ਨਾਲ ਸਬੰਧਤ ਘਟਨਾਵਾਂ ਦੀ ਗੁਪਤ ਰੂਪ ਵਿੱਚ ਰਿਪੋਰਟ ਕਰ ਸਕਦਾ ਹੈ। ਸਰਗਰਮ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਇਸਦੇ ਨਾਲ ਨਾਲ ਆਪਣੇ ਪਿੰਡ ਦੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਜਿਨ੍ਹਾਂ ਨੂੰ ਬਤੌਰ ਬਾਲ ਵਿਆਹ ਰੋਕਥਾਮ ਅਧਿਕਾਰੀ ਵੱਜੋਂ ਨਾਮਜ਼ਦ ਕੀਤਾ ਗਿਆ ਹੈ, ਨੂੰ ਵੀ ਇਨ੍ਹਾਂ ਮਾਮਲਿਆਂ ਦੀ ਤੁਰੰਤ ਜਾਣਕਾਰੀ ਦਿੱਤੀ ਜਾ ਸਕਦੀ ਹੈ, ਤਾਂ ਜੋ ਸਮੇਂ-ਸਿਰ ਕਾਰਵਾਈ ਕੀਤੀ ਜਾ ਸਕੇ।

ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਮਾਤਾ-ਪਿਤਾ ਜਾਂ ਵਿਅਕਤੀ ਬਾਲ ਵਿਆਹ ਕਰਵਾਉਣ ਜਾਂ ਬਾਲ ਵਿਆਹ ਨੂੰ ਪ੍ਰੋਤਸਾਹਿਤ ਕਰਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਦਾ ਪ੍ਰਾਵਧਾਨ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਾਲ ਉਮਰ ਬੱਚਿਆਂ ਦਾ ਭਵਿੱਖ ਬਣਾਉਣ ਦੀ ਉਮਰ ਹੁੰਦੀ ਹੈ ਅਤੇ ਇਸ ਉਮਰ ਵਿੱਚ ਵਿਆਹ ਕਰਨਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ, ਜੋ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡਾ ਬਲਜੀਤ ਕੌਰ ਨੇ ਕਿਹਾ ਕਿ ਬਾਲ ਵਿਆਹ ਨੂੰ ਰੋਕਣ ਲਈ ਸਰਕਾਰ ਵੱਲੋਂ ਵਿਆਹ ਵਾਲੇ ਸੀਜ਼ਨਾਂ ਦੌਰਾਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀਆਂ ਹਨ। ਇਹ ਜਾਗਰੂਕਤਾ ਮੁਹਿੰਮ ਜ਼ਿਲ੍ਹਾ ਪੱਧਰ ਤੇ ਅਤੇ ਪਿੰਡਾਂ ਪਿੰਡਾਂ ਵਿੱਚ ਜਲਦ ਹੀ ਸ਼ੁਰੂ ਕੀਤੀ ਜਾਣਗੀਆਂ ਤਾਂ ਜੋ ਬਾਲ ਵਿਆਹ ਦੇ ਮਾਮਲਿਆਂ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇl

ਡਾ. ਬਲਜੀਤ ਕੌਰ ਨੇ ਅਧਿਆਪਕਾਂ, ਆਸ਼ਾ ਵਰਕਰਾਂ, ਸਰਪੰਚਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਜਾਗਰੂਕ ਨਾਗਰਿਕਾਂ ਨੂੰ ਬਾਲ ਵਿਆਹ ਨੂੰ ਖਤਮ ਕਰਨ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ, ਜਿਸ ਨਾਲ ਹਰ ਬੱਚੇ ਲਈ ਇੱਕ ਪ੍ਰਗਤੀਸ਼ੀਲ ਅਤੇ ਸੁਰੱਖਿਅਤ ਪੰਜਾਬ ਦਾ ਨਿਰਮਾਣ ਹੋਵੇਗਾ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.