ਤਾਜਾ ਖਬਰਾਂ
ਘਨੌਰ, 1 ਜੁਲਾਈ – ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਰਾਲਾ ਹੈਡ 'ਤੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਰਾਜਪੁਰਾ ਦੇ ਐਸ.ਡੀ.ਐਮ. ਅਵਿਕੇਸ਼ ਗੁਪਤਾ ਅਤੇ ਡਰੇਨੇਜ ਵਿਭਾਗ ਦੇ ਐਕਸੀਐਨ ਪ੍ਰਥਮ ਗੰਭੀਰ ਵੀ ਮੌਜੂਦ ਸਨ। ਡਾ. ਯਾਦਵ ਨੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਮੱਥਾ ਟੇਕਣ ਤੋਂ ਬਾਅਦ ਮਗਨਰੇਗਾ ਅਧੀਨ ਔਰਤਾਂ ਵੱਲੋਂ ਮਿੱਟੀ ਦੇ ਥੈਲੇ ਭਰਨ ਦੇ ਕੰਮ ਦਾ ਵੀ ਨਿਰੀਖਣ ਕੀਤਾ।
ਇੰਜੀਨੀਅਰ ਪ੍ਰਥਮ ਗੰਭੀਰ ਨੇ ਜਾਣਕਾਰੀ ਦਿੱਤੀ ਕਿ ਇਸ ਵੇਲੇ ਘੱਗਰ ਦਰਿਆ ਵਿੱਚ ਸਰਾਲਾ ਹੈਡ 'ਤੇ ਪਾਣੀ ਦੀ ਉਚਾਈ 4 ਫੁੱਟ ਅਤੇ ਭਾਂਖਰਪੁਰ ਵਿਖੇ 1.6 ਫੁੱਟ ਦਰਜ ਹੋ ਰਹੀ ਹੈ। ਟਾਂਗਰੀ ਅਤੇ ਮਾਰਕੰਡਾ ਨਦੀਆਂ ਵਿਚ ਵੀ ਵਧੇਰੇ ਪਾਣੀ ਦਾ ਵਹਾਅ ਹੋਣ ਬਾਵਜੂਦ ਕੋਈ ਖ਼ਤਰਾ ਨਹੀਂ। ਡਰੇਨੇਜ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪਾਣੀ ਦੀ ਮਾਤਰਾ ਕੈਚਮੈਂਟ ਖੇਤਰ 'ਚ ਬਰਸਾਤ ਕਾਰਨ ਵਧੀ ਸੀ, ਪਰ ਹੁਣ ਘੱਟ ਰਹੀ ਹੈ ਅਤੇ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ।
ਡਾ. ਯਾਦਵ ਨੇ ਜਲ ਨਿਕਾਸ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਕਮੀ ਨਾ ਛੱਡੀ ਜਾਵੇ ਅਤੇ ਹਰ ਤਰੀਕੇ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਬਾਰੇ ਅਫ਼ਵਾਹਾਂ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 0175-2350550 'ਤੇ ਸੰਪਰਕ ਕਰਨ।
Get all latest content delivered to your email a few times a month.