ਤਾਜਾ ਖਬਰਾਂ
ਮੁਹਾਲੀ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ਵਿੱਚ ਮੋਹਾਲੀ ਜਾ ਰਹੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਦਾ ਅੱਜ 7 ਦਿਨਾਂ ਦਾ ਰਿਮਾਂਡ ਖ਼ਤਮ ਹੋਣ 'ਤੇ ਉਨ੍ਹਾਂ ਨੂੰ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਸਾਰੇ ਅਕਾਲੀ ਆਗੂ ਅਤੇ ਵਰਕਰ ਅੱਜ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ਵਿੱਚ ਮੋਹਾਲੀ ਜਾ ਰਹੇ ਸਨ। ਉਨ੍ਹਾਂ ਵਿੱਚੋਂ ਕਈ ਆਗੂਆਂ ਨੂੰ ਪੁਲਿਸ ਨੇ ਪਹਿਲਾਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਜਦੋਂਕਿ ਕਈਆਂ ਨੂੰ ਸੜਕ ਨਾਕਿਆਂ 'ਤੇ ਰੋਕ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, 1988 (2018 ਵਿੱਚ ਸੋਧਿਆ ਗਿਆ) ਅਧੀਨ ਦਰਜ ਐਫਆਈਆਰ ਨੰਬਰ 22 ਮਿਤੀ 25.06.2025 ਦੇ ਸਬੰਧ ਵਿੱਚ ਆਪਣੀ ਗ੍ਰਿਫ਼ਤਾਰੀ ਅਤੇ ਨਿਆਂਇਕ ਰਿਮਾਂਡ ਨੂੰ ਚੁਣੌਤੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਆਪਣੀ ਪਟੀਸ਼ਨ ਵਿੱਚ, ਮਜੀਠੀਆ ਨੇ "ਗੈਰ-ਕਾਨੂੰਨੀ ਗ੍ਰਿਫ਼ਤਾਰੀ" ਕਰਾਰ ਦਿੱਤੇ ਜਾਣ ਵਿਰੁੱਧ ਰਾਹਤ ਦੀ ਮੰਗ ਕੀਤੀ ਹੈ ਅਤੇ ਅਦਾਲਤ ਨੂੰ 26 ਜੂਨ ਨੂੰ ਜੁਡੀਸ਼ੀਅਲ ਮੈਜਿਸਟਰੇਟ ਕਿਰਨਦੀਪ ਸਿੰਘ ਦੁਆਰਾ ਦਿੱਤੇ ਗਏ ਰਿਮਾਂਡ ਆਦੇਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ, ਜਿਸ ਨੇ ਉਨ੍ਹਾਂ ਦੀ ਹਿਰਾਸਤ 2 ਜੁਲਾਈ ਤੱਕ ਵਧਾ ਦਿੱਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਦੇ ਮਜੀਠਾ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਰਿਮਾਂਡ ਹਾਸਲ ਕੀਤਾ ਗਿਆ ਸੀ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਅਤੇ ਸਾਬਕਾ ਈਡੀ ਅਧਿਕਾਰੀ ਦੀ ਗਵਾਹੀ ਵੀ ਲਈ ਹੈ। ਹੋਰ ਪਾਰਟੀਆਂ ਨੇ ਵੀ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਅਤੇ ਗ੍ਰਿਫ਼ਤਾਰੀ ਨੂੰ ਰਾਜਨੀਤੀ ਕਰਾਰ ਦਿੱਤਾ।
Get all latest content delivered to your email a few times a month.