ਤਾਜਾ ਖਬਰਾਂ
ਅੰਮ੍ਰਿਤਸਰ- ਅੰਮ੍ਰਿਤਸਰ ਵਿਧਾਨਕ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਿਚਕਾਰ ਹੋਈ ਇਕ ਪ੍ਰਾਈਵੇਟ ਮੁਲਾਕਾਤ ਨੇ ਪੰਜਾਬ ਦੀ ਰਾਜਨੀਤਕ ਵਾਤਾਵਰਨ ਵਿੱਚ ਨਵਾਂ ਰੁਖ ਲਿਆਉਂਦਿਆਂ ਸਿਆਸੀ ਚਰਚਾ ਨੂੰ ਹੋਰ ਗਹਿਰਾ ਕਰ ਦਿੱਤਾ ਹੈ। ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅਜਿਹੀ ਮੁਲਾਕਾਤ ਸੀ, ਜਿਸ ਨੇ ਸਿਆਸੀ ਸਰਗਰਮੀ ਤੇਜ ਕਰ ਦਿੱਤੀ।
ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਹੁਣ ਲੋਕਤੰਤਰਿਕ ਪੱਧਰ ਤੋਂ ਹਟ ਗਈ ਹੈ। ਉਨ੍ਹਾਂ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਿਰਫ਼ ਇਸਲਈ ਪਾਰਟੀ ਤੋਂ ਕੱਢਿਆ ਗਿਆ ਕਿਉਂਕਿ ਉਹ ਹੱਕ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਵਿਜੇ ਸਿੰਗਲਾ ਮਾਮਲੇ ਦੀ ਵੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਜੋ ਵਿਅਕਤੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਬਰਖਾਸਤ ਹੋਇਆ ਸੀ, ਉਸ ਨੂੰ ਵਾਪਸ ਪਾਰਟੀ ਵਿੱਚ ਲਿਆਉਣ ਨਾਲ ਆਮ ਆਦਮੀ ਪਾਰਟੀ ਦੀ ਦੋਹਰੀ ਨੀਤੀ ਸਾਫ਼ ਹੋ ਜਾਂਦੀ ਹੈ।
ਇਸ ਤੋਂ ਇਲਾਵਾ, ਖਹਿਰਾ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਯੋਗਤਾ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਹ ਮੰਤਰੀ ਬਣਨ ਦੇ ਯੋਗ ਨਹੀਂ ਸਨ ਅਤੇ ਉਨ੍ਹਾਂ ਨੂੰ ਪਹਿਲੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ।
ਇਸ ਮੁਲਾਕਾਤ ਨੂੰ ਲੈ ਕੇ ਵਿਜੇ ਪ੍ਰਤਾਪ ਨੇ ਵੀ ਆਪਣਾ ਮਤ ਵਿਅਕਤ ਕਰਦਿਆਂ ਕਿਹਾ ਕਿ ਇਹ ਇਕ ਨਿੱਜੀ ਮੁਲਾਕਾਤ ਸੀ ਅਤੇ ਹਾਲੇ ਤੱਕ ਉਨ੍ਹਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰਨ ਸੰਬੰਧੀ ਕੋਈ ਅਧਿਕਾਰਕ ਪੱਤਰ ਨਹੀਂ ਮਿਲਿਆ। ਉਨ੍ਹਾਂ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਚੋਣ ਜਨਤਾ ਨੇ ਦਿੱਤੀ ਹੈ ਨਾ ਕਿ ਕਿਸੇ ਨੇਤਾ ਦੇ ਨਾਮ 'ਤੇ, ਇਸ ਲਈ ਉਹ ਸਿਰਫ਼ ਲੋਕਾਂ ਦੇ ਰਿਣੀ ਹਨ।
Get all latest content delivered to your email a few times a month.