ਤਾਜਾ ਖਬਰਾਂ
ਅੰਮ੍ਰਿਤਸਰ – ਅੱਜ ਸ਼ਾਮ ਤਰਨਤਾਰਨ ਰੋਡ 'ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਇੱਕ ਆਟੋ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਦੇ ਨਤੀਜੇ ਵਜੋਂ ਆਟੋ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਵਿੱਚ ਇੱਕ ਨਾਬਾਲਿਗ ਬੱਚਾ ਵੀ ਸ਼ਾਮਲ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਇਹ ਲੋਕ ਸੁਰ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਤਰਨਤਾਰਨ ਰੋਡ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ 'ਤੇ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਆਟੋ ਨੂੰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਚਕਨਾਚੂਰ ਹੋ ਗਏ।
ਲੋਕਾਂ ਨੇ ਦਾਅਵਾ ਕੀਤਾ ਕਿ ਸਵਿਫਟ ਚਲਾ ਰਿਹਾ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਸੀ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪਰ ਲੋਕਾਂ ਨੇ ਸਿਹਤ ਵਿਭਾਗ ਉੱਤੇ ਵੀ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਲਗਭਗ 2 ਘੰਟਿਆਂ ਤੱਕ ਕੋਈ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਮਜਬੂਰੀਵਸ਼ ਲੋਕਾਂ ਨੇ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਆਟੋ ਰਾਹੀਂ ਹੀ ਤਰਨਤਾਰਨ ਹਸਪਤਾਲ ਪਹੁੰਚਾਇਆ।
ਥਾਣਾ ਇੰਚਾਰਜ ਐਸਐਚਓ ਹਰਸਿਮਰਨ ਕੌਰ ਨੇ ਪੁਸ਼ਟੀ ਕੀਤੀ ਕਿ ਮੌਕੇ ਤੋਂ 4 ਲਾਸ਼ਾਂ ਮਿਲੀਆਂ ਹਨ, ਪਰ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਵਲੋਂ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਸਵਿਫਟ ਕਾਰ ਨੂੰ ਵੀ ਕਬਜ਼ੇ 'ਚ ਲਿਆ ਗਿਆ ਹੈ।
ਇਹ ਸੜਕ ਹਾਦਸਾ ਸਵਾਲ ਖੜ੍ਹੇ ਕਰਦਾ ਹੈ ਕਿ ਸੜਕਾਂ 'ਤੇ ਦਿਨੋ ਦਿਨ ਵੱਧ ਰਹੀ ਬੇਪਰਵਾਹ ਡਰਾਈਵਿੰਗ ਅਤੇ ਐਮਰਜੈਂਸੀ ਸੇਵਾਵਾਂ ਦੀ ਸੁਸਤ ਕਾਰਗੁਜ਼ਾਰੀ ਕਿਵੇਂ ਆਮ ਲੋਕਾਂ ਦੀ ਜਿੰਦਗੀ 'ਤੇ ਭਾਰੀ ਪੈ ਰਹੀ ਹੈ।
Get all latest content delivered to your email a few times a month.