ਤਾਜਾ ਖਬਰਾਂ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਹੇਠ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਦੋ ਵੱਡੀਆਂ ਗੈਰਕਾਨੂੰਨੀ ਕਾਰਵਾਈਆਂ ਨੂੰ ਨਾਕਾਮ ਕਰਦਿਆਂ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਦੋ ਵੱਖ-ਵੱਖ ਮਾਡਿਊਲਾਂ - ਅੰਤਰਰਾਸ਼ਟਰੀ ਨਾਰਕੋ-ਆਰਮਜ਼ ਮਾਡਿਊਲ ਅਤੇ ਅੰਤਰ-ਰਾਜੀ ਨਾਰਕੋ-ਹਵਾਲਾ ਸਿੰਡੀਕੇਟ - ਵਿਰੁੱਧ ਕੀਤੀ ਗਈ।
ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 1.15 ਕਿਲੋ ਹੈਰੋਇਨ, ਪੰਜ ਆਧੁਨਿਕ ਪਿਸਤੌਲ (ਤਿੰਨ 9 ਐਮਐਮ ਗਲੌਕ, ਦੋ .30 ਬੋਰ ਚੀਨੀ) ਅਤੇ 9.7 ਲੱਖ ਰੁਪਏ ਦੀ ਨਕਦੀ ਡਰੱਗ ਮਨੀ ਬਰਾਮਦ ਹੋਈ।
ਅੰਮ੍ਰਿਤਸਰ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਚੌਹਾਨ ਉਰਫ ਕਾਲੂ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਤੇਜਬੀਰ ਸਿੰਘ ਉਰਫ ਤੇਜੀ ਨੂੰ ਗ੍ਰਿਫ਼ਤਾਰ ਕੀਤਾ। ਇਹ ਮੁਲਜ਼ਮ ਹਾਲ ਹੀ ਵਿੱਚ ਮਲੇਸ਼ੀਆ ਤੋਂ ਵਾਪਸ ਆਏ ਸਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਸਨ। ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਅਪਰਾਧਿਕ ਤੱਤਾਂ ਨੂੰ ਦਿੱਤੇ ਜਾਣੇ ਸਨ। ਇਸ ਸਬੰਧੀ ਥਾਣਾ ਸਦਰ ਵਿਖੇ ਐਫਆਈਆਰ ਨੰਬਰ 106 (ਮਿਤੀ 02.07.2025) ਐਨਡੀਪੀਐਸ ਅਤੇ ਅਸਲਾ ਐਕਟ ਹੇਠ ਦਰਜ ਕੀਤੀ ਗਈ।
ਅੰਮ੍ਰਿਤਸਰ ਪੁਲਿਸ ਨੇ ਛੇ ਹੋਰ ਮੁਲਜ਼ਮਾਂ - ਦਾਨਿਸ਼, ਸਲੋਨੀ, ਜੋਬਨਪ੍ਰੀਤ, ਕੁਲਵਿੰਦਰ, ਅਬਦੁਲ ਰਹਿਮਾਨ ਅਤੇ ਪਰਦੀਪ ਪਿੰਟੂ - ਨੂੰ ਦਿੱਲੀ, ਕਰਨਾਟਕ ਅਤੇ ਦੁਬਈ ਨਾਲ ਜੁੜੇ ਨੈੱਟਵਰਕ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਅਤੇ 9.7 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਅਬਦੁਲ ਅਤੇ ਪਿੰਟੂ ਦੁਬਈ ਨੂੰ ਹਵਾਲਾ ਰਾਹੀਂ ਪੈਸਾ ਭੇਜਣ ਵਿੱਚ ਲਿਪਤ ਸਨ। ਇਹ ਮਾਮਲਾ ਥਾਣਾ ਇਸਲਾਮਾਬਾਦ ਵਿਖੇ ਐਫਆਈਆਰ ਨੰਬਰ 191 (ਮਿਤੀ 27.06.2025) ਤਹਿਤ ਦਰਜ ਹੈ।
Get all latest content delivered to your email a few times a month.