ਤਾਜਾ ਖਬਰਾਂ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਵਿਜੀਲੈਂਸ ਬਿਊਰੋ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ SSP ਚੰਡੀਗੜ੍ਹ ਨੂੰ ਪੱਤਰ ਰਾਹੀਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ 25 ਜੂਨ 2025 ਦੀ ਸਵੇਰ 10:15 ਵਜੇ ਦੇ ਕਰੀਬ ਲਗਭਗ 20 ਵਿਜੀਲੈਂਸ ਅਧਿਕਾਰੀ ਬਿਨਾਂ ਕਿਸੇ ਵਾਰੰਟ ਜਾਂ ਪਛਾਣ ਪੱਤਰ ਦੇ ਉਨ੍ਹਾਂ ਦੀ ਚੰਡੀਗੜ੍ਹ ਸੈਕਟਰ 4 ਸਥਿਤ ਕੋਠੀ ਨੰਬਰ 39 ਵਿੱਚ ਦਾਖਲ ਹੋਏ।
ਉਸ ਸਮੇਂ ਘਰ ਵਿੱਚ ਉਨ੍ਹਾਂ ਦੀ ਬੁਜ਼ੁਰਗ ਅਤੇ ਬਿਮਾਰ ਮਾਤਾ ਅਤੇ ਘਰੇਲੂ ਨੌਕਰ ਮੌਜੂਦ ਸਨ। ਗਨੀਵ ਕੌਰ ਨੇ ਇਲਜ਼ਾਮ ਲਾਇਆ ਕਿ ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਲਈ ਅਲਮਾਰੀਆਂ ਦੇ ਦਰਾਜ਼ ਖੋਲ੍ਹੇ, ਸਮਾਨ ਵਿਖੇਰਿਆ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਪਰਸ ਤੱਕ ਫਰੋਲਿਆ ਗਿਆ।
ਜਦੋਂ ਉਨ੍ਹਾਂ ਦੇ ਵਕੀਲ ਨੇ ਵਿਜੀਲੈਂਸ ਟੀਮ ਤੋਂ ਸਰਚ ਵਾਰੰਟ ਅਤੇ ਪਛਾਣ ਪੱਤਰ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਸਿਰਫ਼ SSP ਅਰੁਣ ਸੈਣੀ ਨੇ ਆਪਣੀ ਪਛਾਣ ਬਿਆਨ ਕੀਤੀ ਪਰ ਕੋਈ ID ਕਾਰਡ ਨਹੀਂ ਵਿਖਾਇਆ।
ਗਨੀਵ ਕੌਰ ਮਜੀਠੀਆ ਨੇ SSP ਨੂੰ ਭੇਜੇ ਪੱਤਰ ਵਿੱਚ ਮੰਗ ਕੀਤੀ ਕਿ ਵਿਜੀਲੈਂਸ ਟੀਮ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਘਰ ਵਿੱਚ ਦਾਖਲ ਹੋਣ ਅਤੇ ਡਰਾਉਣ-ਧਮਕਾਉਣ ਦੀ ਕਾਰਵਾਈ ਦੀ ਜਾਂਚ ਕਰਕੇ ਅਧਿਕਾਰੀਆਂ ਵਿਰੁੱਧ IPC ਦੀਆਂ ਧਾਰਾਵਾਂ 329, 330, 331, 332, 333, 198, 201 ਅਤੇ 61(2) ਹੇਠ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਇਹ ਕਾਰਵਾਈ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਬਲਕਿ ਪਰਿਵਾਰਕ ਗੋਪਨੀਯਤਾ ਅਤੇ ਅਦਾਲਤੀ ਪ੍ਰਕਿਰਿਆ ਦੀ ਵੀ ਉਪੇਖਾ ਕਰਦੀ ਹੈ। ਉਹ ਇਨਸਾਫ਼ ਦੀ ਮੰਗ ਕਰ ਰਹੀਆਂ ਹਨ।
Get all latest content delivered to your email a few times a month.