ਤਾਜਾ ਖਬਰਾਂ
ਚੰਡੀਗੜ੍ਹ, 17 ਜੁਲਾਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਵਿੱਚ ਸਫਾਈ ਅਤੇ ਸੈਨੀਟੇਸ਼ਨ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸੂਬੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਨੇ ਸਫਾਈ ਅਤੇ ਸੈਨੀਟੇਸ਼ਨ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਮਿਸਾਲੀ ਭੂਮਿਕਾ ਨਿਭਾਈ ਹੈ ਅਤੇ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਲਿਆਂ ਬਾਰੇ ਮੰਤਰਾਲੇ ਵੱਲੋਂ ਐਲਾਨੇ ਗਏ ਸਵੱਛ ਸਰਵੇਖਣ 2024-25 ਦੇ ਨਤੀਜਿਆਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਨੇ ਕਿਹਾ ਕਿ ਸੂਬੇ ਨੇ ਸਫਾਈ ਮਿਸ਼ਨ ਵਿੱਚ ਮਿਸਾਲੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਮਾਣ ਅਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਵਿੱਚ 46 ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਨੇ ਵਾਟਰ ਪਲੱਸ ਦਾ ਦਰਜ ਹਾਸਲ ਕੀਤਾ ਹੈ ਜੋ ਕਿ ਇਸ ਸਬੰਧੀ ਭਾਰਤ ਵਿੱਚ ਸਰਬੋਤਮ ਦਰਜਾ ਹੈ। ਉਨ੍ਹਾਂ ਅੱਗੇ ਕਿਹਾ ਕਿ 52 ਯੂ.ਐਲ.ਬੀਜ਼ ਨੂੰ ਓ.ਡੀ.ਐਫ. ++, 43 ਨੂੰ ਓ.ਡੀ.ਐਫ.+, ਅਤੇ 22 ਨੂੰ ਓ.ਡੀ.ਐਫ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਫਾਈ ਦੇ ਖੇਤਰ ਵਿੱਚ 9 ਯੂ.ਐਲ.ਬੀਜ਼ ਦੇਸ਼ ਦੀਆਂ 100 ਪ੍ਰਮੁੱਖ ਯੂ.ਐਲ.ਬੀਜ਼ ਵਿੱਚ ਸ਼ੁਮਾਰ ਹੋਈਆਂ ਹਨ।
ਡਾ. ਰਵਜੋਤ ਸਿੰਘ ਨੇ ਅੱਗੇ ਦੱਸਿਆ ਕਿ ਗਾਰਵੇਜ ਫਰੀ ਸਿਟੀ ਸਟਾਰ ਰੇਟਿੰਗ ਤਹਿਤ, 25 ਯੂ.ਐਲ.ਬੀ. ਨੂੰ ਵਨ ਸਟਾਰ ਰੇਟਿੰਗ ਪ੍ਰਾਪਤ ਹੋਈ ਹੈ ਜੋ ਕਿ ਸਾਲ 2016 ਤੋਂ ਤੱਕ ਦੀ ਸਭ ਤੋਂ ਰੇਟਿੰਗ ਹੈ। ਜ਼ਿਕਰਯੋਗ ਹੈ ਕਿ ਮੰਡੀ ਗੋਬਿੰਦਗੜ੍ਹ ਨੇ ਥਰੀ ਸਟਾਰ ਰੇਟਿੰਗ ਪ੍ਰਾਪਤ ਹੋਈ ਹੈ ਜਦੋਂਕਿ ਬਠਿੰਡਾ ਨਗਰ ਨਿਗਮ ਨੂੰ ਸਵੱਛ ਸ਼ਹਿਰ ਲਈ ਸਟੇਟ ਪੁਰਸਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਯੂ.ਐਲ.ਬੀ. ਵਿੱਚ ਸਰੋਤਾਂ ਦੀ ਵੰਡ ਕਰਕੇ ਸਫਾਈ, ਸੈਨੀਟੇਸ਼ਨ ਸਹੂਲਤਾਂ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨ ਕੀਤਾ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਯੂ.ਐਲ.ਬੀ. ਨੂੰ ਫੰਡ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਸਵੱਛਤਾ ਤੇ ਸਫਾਈ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਮੰਤਰੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ, ''ਇਹ ਹਾਲੇ ਸ਼ੁਰੂਆਤ ਹੈ, ਅਸੀਂ ਭਵਿੱਖ ਵਿੱਚ ਹੋਰ ਬਿਹਤਰ ਕਰਾਂਗੇ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਸ਼ਹਿਰੀ ਨਾਗਰਿਕਾਂ ਨੂੰ ਹੋਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਡਾ. ਰਵਜੋਤ ਨੇ ਸਾਰੇ ਨਗਰ ਨਿਗਮ ਕਮਿਸ਼ਨਰਾਂ, ਯੂ.ਐਲ.ਬੀਜ਼ ਅਤੇ ਪੀ.ਡਬਲਯੂ.ਐਸ.ਐਸ.ਬੀ. ਫੀਲਡ ਅਧਿਕਾਰੀਆਂ ਦਾ ਪੰਜਾਬ ਨੂੰ ਕੂੜਾ-ਮੁਕਤ ਸਾਫ਼ ਦਰਜਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਯਤਨਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਹ ਗਤੀ ਜਾਰੀ ਰਹੇਗੀ।
ਉਨ੍ਹਾਂ ਦੁਹਰਾਇਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ "ਰੰਗਲਾ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ" ਸਿਰਜਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਪ੍ਰਾਪਤੀਆਂ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਅਹਿਮ ਕਦਮ ਹਨ।
Get all latest content delivered to your email a few times a month.