IMG-LOGO
ਹੋਮ ਪੰਜਾਬ: 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ’ਚ ਸ਼ਿਮਲਾ ਵਿਖੇ ਗੁਰਮਤਿ...

350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ’ਚ ਸ਼ਿਮਲਾ ਵਿਖੇ ਗੁਰਮਤਿ ਸਮਾਗਮ

Admin User - Jul 20, 2025 07:05 PM
IMG

ਗੁਰੂ ਸਾਹਿਬ ਨੇ ਨਾ ਸਿਰਫ ਸਿੱਖ ਧਰਮ ਲਈ, ਸਗੋਂ ਸਮੂਹ ਕੌਮਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ- ਐਡਵੋਕੇਟ ਧਾਮੀ

ਅੰਮ੍ਰਿਤਸਰ, 20 ਜੁਲਾਈ-

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਮੌਕੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੀ ਸੇਧ ਵਿਚ ਸੰਗਤ ਨੂੰ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਇਕ ਲਾਸਾਨੀ ਮਿਸਾਲ ਹੈ। ਗੁਰੂ ਸਾਹਿਬ ਨੇ ਨਾ ਸਿਰਫ ਸਿੱਖ ਧਰਮ ਦੀ, ਸਗੋਂ ਸਮੂਹ ਕੌਮਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ। ਨੌਵੇਂ ਪਾਤਸ਼ਾਹ ਜੀ ਸੱਚ, ਨਿਸ਼ਕਾਮਤਾ ਅਤੇ ਤਿਆਗ ਦੇ ਜੀਵੰਤ ਪ੍ਰਤੀਕ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮਾਗਮਾਂ ਮੌਕੇ ਕੀਤੇ ਜਾਂਦੇ ਸਨਮਾਨ ਦੇ ਸੰਬੰਧ ਵਿੱਚ ਵਿਸ਼ੇਸ਼ ਤੌਰ ‘ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿਰੋਪਾਓ ਦਾ ਸਿੱਖ ਪਰੰਪਰਾ ਵਿੱਚ ਬਹੁਤ ਉੱਚਾ ਸਤਿਕਾਰ ਹੈ ਅਤੇ ਇਹ ਕੇਵਲ ਸਿੰਘ ਸਾਹਿਬਾਨ, ਮਹਾਨ ਸ਼ਖ਼ਸੀਅਤਾਂ, ਗੁਰਮਤਿ ਪ੍ਰਚਾਰਕਾਂ ਜਾਂ ਧਾਰਮਿਕ ਸੇਵਾਵਾਂ ਲਈ ਵਿਸ਼ੇਸ਼ ਯੋਗਦਾਨ ਕਰਨ ਵਾਲਿਆਂ ਨੂੰ ਹੀ ਭੇਟ ਕੀਤਾ ਜਾਣਾ ਚਾਹੀਦਾ ਹੈ। ਆਮ ਤੌਰ ‘ਤੇ ਸਨਮਾਨ ਦੇਣ ਦੀ ਥਾਂ ਧਾਰਮਿਕ ਕਿਤਾਬਾਂ ਜਾਂ ਸਿੱਖ ਰਹਿਤ ਮਰਿਆਦਾ ਦੇ ਕੇ ਸਨਮਾਨ ਕਰਨ ਦੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਸਤਿਕਾਰ ਦਾ ਮੂਲ ਭਾਵ ਕਾਇਮ ਰਹੇ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਰਹਿਤ ਮਰਿਆਦਾ ਪ੍ਰਕਾਸ਼ਿਤ ਕਰਕੇ ਸੰਗਤ ਤੱਕ ਮੁਫ਼ਤ ਪਹੁੰਚਾਈ ਜਾਂਦੀ ਹੈ। ਐਡਵੋਕੇਟ ਧਾਮੀ ਨੇ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਸਨਮਾਨ ਦਿੱਤਾ ਜਾਵੇ ਤਾਂ ਇਸ ਮਰਿਆਦਾ ਨੂੰ ਜਰੂਰ ਸੌਂਪਿਆ ਜਾਵੇ, ਤਾਂ ਜੋ ਸਿੱਖ ਕੌਮ ਦੇ ਹਰ ਘਰ ਤੱਕ ਗੁਰਮਤਿ ਦੇ ਸਿਧਾਂਤ ਅਤੇ ਰਹਿਣੀ-ਬਹਿਣੀ ਦੇ ਨਿਯਮ ਪਹੁੰਚ ਸਕਣ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਭੌਤਿਕਤਾ ਅਤੇ ਆਪਸੀ ਵੰਡ ਵਧ ਰਹੀ ਹੈ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੰਦੇਸ਼ ਸਾਨੂੰ ਏਕਤਾ, ਦਇਆ ਅਤੇ ਹਿੰਮਤ ਦੀ ਪ੍ਰੇਰਣਾ ਦਿੰਦਾ ਹੈ।

ਇਸ ਤੋਂ ਪਹਿਲਾਂ ਬੀਤੇ ਕੱਲ੍ਹ ਦੇ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਹਾਜ਼ਰੀ ਭਰੀ।

ਸਮਾਗਮ ਸਮੇਂ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸ. ਹਰਦੇਵ ਸਿੰਘ, ਗੁਰਦੁਆਰਾ ਸਿੰਘ ਸਭਾ ਸ਼ਿਮਲਾ ਦੇ ਪ੍ਰਧਾਨ ਸ. ਜਸਵਿੰਦਰ ਸਿੰਘ, ਸ. ਕਰਨੈਲ ਸਿੰਘ, ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਭਾਈ ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.