ਤਾਜਾ ਖਬਰਾਂ
- ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ – ਡਾ. ਬਲਬੀਰ ਸਿੰਘ
ਖੰਨਾ (ਲੁਧਿਆਣਾ), 25 ਜੁਲਾਈ : ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅੱਜ ਸਿਵਲ ਹਸਪਤਾਲ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਬੀਤੇ ਸੋਮਵਾਰ ਸ਼ਾਮ ਗਾਇਨੀ ਡਾਕਟਰ ਦੇ ਵਤੀਰੇ ਨੂੰ ਸ਼ਰਮਸਾਰ ਕਰਾਰ ਦਿੰਦਿਆਂ ਡਾਕਟਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਅਣਗਹਿਲੀ ਸਦਕਾ ਸਬੰਧਤ ਡਾਕਟਰ ਦਾ ਲਾਇਸੰਸ ਰੱਦ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਸਿਵਲ ਹਸਪਤਾਲ ਖੰਨਾ ਵਿੱਚ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦੌਰਾਨ ਗਾਇਨੀ ਡਾਕਟਰ ਗੈਰ-ਹਾਜ਼ਰ ਸੀ। ਡਿਊਟੀ 'ਤੇ ਹਾਜ਼ਰ ਮੈਡੀਕਲ ਅਫ਼ਸਰ ਵੱਲੋਂ ਮਹਿਲਾ ਡਾਕਟਰ ਨੂੰ ਆਏ ਕੇਸ ਬਾਰੇ ਜਾਣਕਾਰੀ ਦਿੱਤੀ ਗਈ ਪਰੰਤੂ ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਸੁਣ ਕੇ ਵੀ ਉਨ੍ਹਾਂ ਹਸਪਤਾਲ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ। ਅਖ਼ੀਰ, ਐਸ.ਐਮ.ਓ ਡਾਕਟਰ ਮਨਿੰਦਰ ਸਿੰਘ ਭਸੀਨ ਨੇ ਉਸ ਗਰਭਵਤੀ ਔਰਤ ਦੀ ਜਾਨ ਬਚਾਉਣ ਲਈ ਖੁਦ ਆਪਰੇਸ਼ਨ ਕੀਤਾ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦਾ ਮਾਮਲਾ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਇੱਕ ਐਸ.ਐਮ.ਓ ਅਤੇ ਦੋ ਗਾਇਨੀ ਡਾਕਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਕੀਤੀ ਘੋਖ-ਪੜਤਾਲ ਤੋਂ ਪਤਾ ਲੱਗਿਆ ਹੈ ਕਿ ਗਾਇਨੀ ਦੀ ਮਹਿਲਾ ਡਾਕਟਰ ਵੱਲੋਂ ਗਰਭਵਤੀ ਔਰਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਡਾਕਟਰ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਰਹੀਆਂ ਸਨ ਜਿਸਦੇ ਤਹਿਤ ਸਿਵਲ ਸਰਜਨ ਲੁਧਿਆਣਾ ਅਤੇ ਐਸ.ਐਮ.ਓ ਖੰਨਾ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਉਨ੍ਹਾਂ ਸਿਹਤ ਅਮਲੇ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਡਾ. ਬਲਬੀਰ ਸਿੰਘ ਵੱਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਿੱਚ 98 ਫੀਸਦ ਅਜਿਹੇ ਡਾਕਟਰ ਹਨ ਜਿਨ੍ਹਾਂ ਕੋਵਿਡ ਦੇ ਮਾੜੇ ਦੌਰ ਵਿੱਚ ਆਪਣੀ ਜਾਨ ਜੌਖਮ ਵਿੱਚ ਪਾ ਕੇ ਲੱਖਾਂ ਲੋਕਾਂ ਦੀ ਜਾਨ ਬਚਾਈ ਸੀ। +
ਦੋਰਾਹਾ ਅਤੇ ਪਾਇਲ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਬਾਰੇ ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੀ ਰਿਪੋਰਟ ਅਨੁਸਾਰ 25 ਤੋਂ 30 ਪ੍ਰਤੀਸ਼ਤ ਡਾਕਟਰਾਂ ਨਾਲ ਕੰਮ ਚਲਾਇਆ ਜਾਂਦਾ ਸੀ ਜਿਸਦੇ ਵਿਪਰੀਤ ਹੁਣ ਕਰੀਬ 3000 ਸਿਹਤ ਕਾਮਿਆਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਕਰੀਬ 1000 ਹੋਰ ਨਵੇਂ ਡਾਕਟਰਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਹਾਈਵੇਅ 'ਤੇ ਸਥਿਤ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਜੱਚਾ-ਬੱਚਾ, ਐਮਰਜੈਂਸੀ, ਹਾਰਟ ਅਟੈਕ, ਬ੍ਰੇਨ ਦਾ ਮੁੱਢਲਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਸੂਬੇ ਵਿੱਚ 10 ਤੋਂ 12 ਅਜਿਹੇ ਹਸਪਤਾਲਾਂ ਦਾ ਨਿਰਮਾਣ ਕੀਤਾ ਜਾਵੇਗਾ ਜਿੱਥੇ ਹਾਰਟ, ਬ੍ਰੇਨ, ਔਰਗਨ ਟਰਾਂਸਪਲਾਂਟ, ਹੱਡੀਆਂ ਨਾਲ ਸਬੰਧਤ ਆਦਿ ਇਲਾਜ ਕੀਤਾ ਜਾਵੇਗਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਖੰਨਾ, ਤਰਨਤਾਰਨ, ਦਸੂਹਾ, ਟਾਂਡਾ ਅਤੇ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿੱਚ ਹਾਰਟ ਅਟੈਕ ਦੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਕੇ ਨੇੜਲੇ ਵੱਡੇ ਹਸਪਤਾਲਾਂ ਵਿੱਚ ਆਪਰੇਸ਼ਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਹੀ ਨਹੀਂ, ਸਗੋਂ ਦੁਨੀਆ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜੋ ਆਪਣੇ ਸਾਰੇ 3 ਕਰੋੜ ਨਾਗਰਿਕਾਂ ਨੂੰ ਸਿਹਤ ਬੀਮਾ ਮੁਫ਼ਤ ਵਿੱਚ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਾਸ ਯੋਜਨਾ ਉਲੀਕੀ ਗਈ ਹੈ ਜਿਸਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਦਾ ਹੈਲਥ ਕਵਰ ਮਿਲੇਗਾ।
Get all latest content delivered to your email a few times a month.