ਤਾਜਾ ਖਬਰਾਂ
-ਸਰਕਾਰੀ ਅਧਿਆਪਕਾਂ ਦਾ ਇੱਕ ਹੋਰ ਬੈਚ ਜਲਦੀ ਫਿਨਲੈਂਡ ਭੇਜਿਆ ਜਾਵੇਗਾ : ਹਰਜੋਤ ਸਿੰਘ ਬੈਂਸ
-ਸਿੱਖਿਆ ਮੰਤਰੀ ਵੱਲੋਂ ਪਟਿਆਲਾ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਸੰਵਾਦ
-ਕਿਹਾ, ਸਾਡੀ ਸਰਕਾਰ ਨੇ ਕਿਸੇ ਅਧਿਆਪਕ ਯੂਨੀਅਨ ਦੇ ਮੈਂਬਰ ਨਾਲ ਨਹੀਂ ਕੀਤਾ ਵਿਤਕਰੇ ਵਾਲਾ ਸਲੂਕ
ਪਟਿਆਲਾ, 26 ਜੁਲਾਈ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨਾਲ ਰਚਾਏ ਸੰਵਾਦ ਮੌਕੇ ਐਲਾਨ ਕੀਤਾ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਨ ਲਈ ਤੀਜਾ ਬੈਚ ਜਲਦੀ ਹੀ ਫਿਨਲੈਂਡ ਭੇਜਿਆ ਜਾਵੇਗਾ। ਸੰਵਾਦ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਿੱਖਿਆ ਮੰਤਰੀ ਦੇ ਨਾਲ ਸਮੂਹ ਅਧਿਆਪਕਾਂ ਨੇ ਬੀਤੇ ਦਿਨ ਰਾਜਸਥਾਨ ਦੇ ਝਾਲਾਵਾੜ ਵਿੱਚ ਸਕੂਲ ਦੀ ਛੱਤ ਡਿਗਣ ਕਾਰਨ 7 ਮਾਸੂਮ ਬੱਚਿਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ ਦੀ ਕਾਂਇਆਂ ਕਲਪ ਕੀਤੇ ਜਾਣ ਬਾਰੇ ਖੁਲਾਸੇ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਸਿੱਖਿਆ ਵਿਭਾਗ ਰੁਲ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਿੱਖਿਆ ਮੰਤਰੀਆਂ ਨੇ ਕੇਵਲ 'ਦੋ ਟੀ'ਜ' 'ਤੇ ਹੀ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਸੀ, ਇੱਕ ਟਰਾਂਸਫਰ ਤੇ ਦੂਜਾ ਟੈਂਡਰ, ਪਰੰਤੂ ਉਨ੍ਹਾਂ ਨੇ ਟੀਚਰਜ ਤੇ ਸਟੂਡੈਂਟਸ ਸਮੇਤ ਸਿੱਖਿਆ ਪ੍ਰਣਾਲੀ ਦੇ ਬੁਨਿਆਦੀ ਢਾਂਚੇ 'ਚ ਸੁਧਾਰਾਂ ਨੂੰ ਹੀ ਆਪਣਾ ਟੀਚਾ ਮਿੱਥਿਆ।
ਸਿੱਖਿਆ ਮੰਤਰੀ ਨੇ ਮੌਜੂਦਾ ਸਮੇਂ ਰਾਜ ਦੇ ਸਕੂਲੀ ਸਿੱਖਿਆ ਢਾਂਚੇ ਨੂੰ ਦੇਸ਼ ਦਾ ਇੱਕ ਨੰਬਰ ਦਾ ਬਣਾਉਣ ਦਾ ਸਿਹਰਾ ਅਧਿਆਪਕਾਂ ਦੀ ਮਿਹਨਤ ਤੇ ਮਿਲੀ ਫੀਡਬੈਕ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸੇ ਵੀ ਅਧਿਆਪਕ ਯੂਨੀਅਨ ਦੇ ਮੈਂਬਰ ਨਾਲ ਵਿਤਕਰੇਬਾਜੀ ਨਹੀਂ ਕੀਤੀ ਸਗੋਂ ਸਾਰਿਆਂ ਦੇ ਮਸਲੇ ਹੱਲ ਕੀਤੇ ਹਨ।
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜਿਨ੍ਹਾਂ ਕੋਲ, ਉਚੇਰੀ, ਭਾਸ਼ਾ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੀ ਹਨ, ਨੇ ਅਧਿਆਪਕਾਂ ਨਾਲ ਸੰਵਾਦ ਪ੍ਰੋਗਰਾਮ ਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਉਚਾ ਚੁੱਕਣ ਲਈ ਕਾਰਗਰ ਸਾਬਤ ਹੋਣ ਵਾਲਾ ਪ੍ਰੋਗਰਾਮ ਦੱਸਦਿਆਂ ਆਪਣੀ ਈਮੇਲ ਆਈ.ਡੀ. ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕੋਈ ਅਧਿਆਪਕ ਸਾਹਮਣੇ ਬੋਲ ਕੇ ਨਹੀਂ ਦੱਸ ਸਕਦਾ ਤਾਂ ਉਹ ਈਮੇਲ ਵੀ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਧਿਆਪਕਾਂ ਨੂੰ ਨਾਲ ਜੋੜਕੇ ਸੂਬੇ ਦੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਤੇ ਤੰਦਰੁਸਤ ਬਣਾਉਣ ਲਈ ਨਿਵੇਕਲੀ ਪਹਿਲਕਦਮੀ ਕਰ ਰਿਹਾ ਹੈ। ਸਿਹਤ ਮੰਤਰੀ ਨੇ ਅਧਿਆਪਕਾਂ ਦੇ ਵਿਦਿਆਰਥੀਆਂ ਲਈ ਮੁਢਲੀ ਸਿਹਤ ਸਿਖਲਾਈ ਦੇਣ ਲਈ ਉਲੀਕੇ ਪ੍ਰੋਗਰਾਮ ਬਾਰੇ ਵੀ ਜਾਣੂ ਕਰਵਾਇਆ। ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਐਸ.ਡੀ.ਐਮ ਪਾਤੜਾਂ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਤੇ ਡਿਪਟੀ ਡੀ.ਈ.ਓ. ਡਾ. ਰਵਿੰਦਰਪਾਲ ਸਿੰਘ ਨੇ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ।
ਸੰਵਾਦ ਪ੍ਰੋਗਰਾਮ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਸ਼ੁਰੂ ਕੀਤੇ ਦੁਵੱਲੇ ਸੰਵਾਦ ਦਾ ਪ੍ਰੋਗਰਾਮ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ਦੀ ਨੰਬਰ ਇੱਕ ਬਣਾਉਣ ਲਈ ਅਧਿਆਪਕਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਏਗਾ। ਅਧਿਆਪਕਾਂ ਨੇ ਅਧਿਆਪਕਾਂ ਦੀ ਵਿਦੇਸ਼ਾਂ ਤੇ ਆਈਆਈਐਮ ਵਿਖੇ ਸਿਖਲਾਈ, ਮਿਸ਼ਨ ਸਮਰੱਥ, ਸਕੂਲਾਂ ਨੂੰ ਬੈਗਲੈਸ ਬਣਾਉਣ, ਯੁੱਧ ਨਸ਼ਿਆਂ ਵਿਰੁੱਧ ਸਮੇਤ ਹੋਰ ਕਈ ਮਸਲਿਆਂ ਬਾਰੇ ਆਪਣੀ ਰਾਏ ਸਿੱਖਿਆ ਮੰਤਰੀ ਦੇ ਸਨਮੁੱਖ ਪੇਸ਼ ਕੀਤੀ।
Get all latest content delivered to your email a few times a month.