ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਬਲਾਕ ਮੁਕਤਸਰ ਅਤੇ ਗਿੱਦੜਬਾਹਾ ਵਲੋਂ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਮਹੱਤਵਪੂਰਣ ਫੈਸਲੇ ਲਏ ਗਏ। ਫੈਸਲਾ ਕੀਤਾ ਗਿਆ ਕਿ 30 ਜੁਲਾਈ ਨੂੰ ਲੁਧਿਆਣਾ ਦੇ ਪਿੰਡਾਂ ਵਿੱਚ ਰੋਸ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ, ਜਥੇਬੰਦਕ ਚੋਣਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਅਤੇ ਗਿੱਦੜਬਾਹਾ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਇਸ ਨੀਤੀ ਨੂੰ ਅਖੌਤੀ ਵਿਕਾਸ ਮਾਡਲ ਕਰਾਰ ਦਿੱਤਾ ਜੋ ਖੇਤੀਬਾੜੀ ਅਤੇ ਮਜ਼ਦੂਰੀ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਇਹ ਨੀਤੀ ਕਿਸਾਨਾਂ ਦੀ ਰਜ਼ਾਮੰਦੀ ਦੇ ਬਿਨਾਂ ਥੋਪੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਉਪਜਾਊ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਵੀ ਜਮੀਨਾਂ ਹੜਪ ਕੀਤੀਆਂ ਗਈਆਂ ਹਨ, ਇਸ ਲਈ ਹੁਣ ਕਿਸੇ ਹੋਰ ਵਿਅਕਤੀਗਤ ਜਾਂ ਪ੍ਰਾਈਵੇਟ ਕੰਪਨੀ ਨੂੰ ਕਿਸਾਨੀ ਜ਼ਮੀਨਾਂ ਐਕੁਆਇਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਲੈਂਡ ਪੂਲਿੰਗ ਨੀਤੀ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਹਰ ਕਿਸਾਨ, ਮਜ਼ਦੂਰ ਅਤੇ ਇਨਸਾਫ ਪਸੰਦ ਧਿਰ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਕਈ ਸੀਨੀਅਰ ਆਗੂ, ਜਿਵੇਂ ਕਿ ਅਜੈਬ ਸਿੰਘ ਮੱਲਣ, ਜੋਗਿੰਦਰ ਸਿੰਘ ਬੁੱਟਰ, ਹਰਪਾਲ ਸਿੰਘ ਚੀਮਾ, ਜਗਰਾਜ ਸਿੰਘ ਸੁਖ਼ਨਾ, ਰਾਜਾ ਸਿੰਘ ਮਹਾਂ ਬੱਧਰ, ਸੁਖਜਿੰਦਰ ਸਿੰਘ ਭਾਗਸਰ, ਗੁਰਚਰਨ ਸਿੰਘ ਗੰਧੜ, ਹਰਨੇਕ ਸਿੰਘ ਰੰਧਾਵਾ ਆਦਿ ਹਾਜ਼ਰ ਰਹੇ।
Get all latest content delivered to your email a few times a month.