ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿੱਖ ਧਰਮ ਦੇ ਪਵਿੱਤਰ ਚਿੰਨ੍ਹਾਂ-ਜਿਵੇਂ ਕਿ ਕਿਰਪਾਨ ਅਤੇ ਕੜਾ-ਪ੍ਰਤੀ ਉਪਜ ਰਹੀ ਅਣਦੇਖੀ ਅਤੇ ਵਿਤਕਰੇ ਦੀਆਂ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਨਾ ਸਿਰਫ ਸਿੱਖ ਧਰਮ ਬਲਕਿ ਭਾਰਤ ਦੇ ਸੰਵਿਧਾਨਕ ਅਸੂਲਾਂ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ।
ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇਕ ਪੱਤਰ ਰਾਹੀਂ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਹੋਈ ਤਾਜ਼ਾ ਘਟਨਾ ਵੱਲ ਧਿਆਨ ਦਿਵਾਇਆ, ਜਿਸ ਵਿੱਚ ਤਰਨਤਾਰਨ ਦੀ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਨੂੰ ਉਸ ਦੀ ਸਿੱਖ ਪਹਚਾਣ ਕਰਕੇ ਪੁਰਨਿਮਾ ਯੂਨੀਵਰਸਿਟੀ ਦੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਉਕਤ ਲੜਕੀ ਨੇ ਆਪਣੀ ਧਰਮਿਕ ਪਛਾਣ ਦੇ ਚਿੰਨ੍ਹ ਪਹਿਨੇ ਹੋਏ ਸਨ, ਜਿਨ੍ਹਾਂ ਵਿੱਚ ਕਿਰਪਾਨ ਅਤੇ ਕੜਾ ਸ਼ਾਮਲ ਸਨ।
ਬਾਦਲ ਨੇ ਕਿਹਾ ਕਿ ਇਹ ਘਟਨਾ ਸੰਵਿਧਾਨ ਦੀ ਧਾਰਾ 25 ਦੀ ਸਿੱਧੀ ਉਲੰਘਣਾ ਹੈ, ਜਿਸ ਵਿੱਚ ਸਿੱਖਾਂ ਨੂੰ ਆਪਣੀ ਪਹਚਾਣ ਨੂੰ ਸਨਭਾਲਣ ਅਤੇ ਉਸਦੇ ਧਾਰਮਿਕ ਚਿੰਨ੍ਹਾਂ ਨਾਲ ਜੀਉਣ ਦੀ ਆਜ਼ਾਦੀ ਮਿਲੀ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪ੍ਰੀਖਿਆ ਪ੍ਰਕਿਰਿਆ ਵਿੱਚ ਅਜਿਹੇ ਨਿਯਮ ਹਨ ਜੋ ਸਿੱਖ ਚਿੰਨ੍ਹਾਂ ਨੂੰ ਰੋਕਦੇ ਹਨ ਤਾਂ ਇਹ ਸੰਵਿਧਾਨਕ ਅਧਿਕਾਰਾਂ ਦੇ ਖ਼ਿਲਾਫ਼ ਹੈ ਅਤੇ ਇਹ ਨਿਯਮ ਤੁਰੰਤ ਰੱਦ ਹੋਣੇ ਚਾਹੀਦੇ ਹਨ।
ਸ੍ਰੀ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੇ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਸਾਫ਼ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਨ, ਤਾਂ ਜੋ ਸਿੱਖ ਧਰਮਿਕ ਅਸਥਾਵਾਂ ਦੀ ਰੱਖਿਆ ਹੋ ਸਕੇ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਇਕ ਦਿਨ ਦੀ ਨਹੀਂ, ਸਗੋਂ ਸਿੱਖ ਵਿਰੋਧੀ ਰਵੱਈਏ ਦੇ ਵਧਦੇ ਰੁਝਾਨ ਦੀ ਨਿਸ਼ਾਨੀ ਦੱਸਿਆ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਵੀ ਜੋਧਪੁਰ ਵਿਖੇ ਦੋ ਸਿੱਖ ਲੜਕੀਆਂ ਨੂੰ ਰਾਜਸਥਾਨ ਨਿਆਂਇਕ ਸੇਵਾਵਾਂ ਦੀ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਿਆ ਗਿਆ ਸੀ। ਇਹ ਸਾਰੇ ਮਾਮਲੇ ਇਹ ਦਰਸਾਉਂਦੇ ਹਨ ਕਿ ਧਾਰਮਿਕ ਅਸਹਿਣਸ਼ੀਲਤਾ ਦਾ ਖਤਰਾ ਵਧ ਰਿਹਾ ਹੈ, ਜਿਸ ਖਿਲਾਫ਼ ਸਖ਼ਤ ਕਦਮ ਚੁੱਕਣੇ ਲਾਜ਼ਮੀ ਹਨ।
Get all latest content delivered to your email a few times a month.