ਤਾਜਾ ਖਬਰਾਂ
ਬਠਿੰਡਾ ਸ਼ਹਿਰ ਨੂੰ ਸਮੱਸਿਆ ਰਹਿਤ ਬਣਾਉਣ ਦੀ ਕੋਸ਼ਿਸ਼ਾਂ ਤਹਿਤ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਵਾਰਡ ਨੰਬਰ 48 ਅਤੇ 46 ਦਾ ਪੈਦਲ ਦੌਰਾ ਕਰਕੇ ਇਲਾਕਾ ਨਿਵਾਸੀਆਂ ਦੀਆਂ ਆਮ ਜੀਵਨ ਸੰਬੰਧੀ ਸਮੱਸਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਨਗਰ ਨਿਗਮ ਦੇ ਐਕਸੀਅਨ ਨੀਰਜ ਕੁਮਾਰ, ਵਾਰਡ 46 ਦੇ ਕੌਂਸਲਰ ਅਤੇ ਐਫ ਐਂਡ ਸੀਸੀ ਮੈਂਬਰ ਰਤਨ ਰਾਹੀ, ਸਰਦਾਰ ਗੰਡਾ ਸਿੰਘ ਅਤੇ ਹੋਰ ਇਲਾਕਾ ਵਾਸੀ ਵੀ ਮੌਜੂਦ ਰਹੇ।
ਦੌਰੇ ਦੌਰਾਨ, ਉਨ੍ਹਾਂ ਨੇ ਚੰਡੀਗੜ੍ਹ ਰੋਡ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਵੇਖੀ ਅਤੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ - ਸੜਕਾਂ ਦੀ ਖ਼ਸਤਾਹਾਲ ਹਾਲਤ, ਪਾਣੀ ਦੀ ਸਹੂਲਤ ਅਤੇ ਸਫਾਈ ਸੰਬੰਧੀ ਚਿੰਤਾਵਾਂ - ਨੂੰ ਧਿਆਨ ਨਾਲ ਸੁਣਿਆ। ਮੇਅਰ ਮਹਿਤਾ ਨੇ ਐਕਸੀਅਨ ਨੀਰਜ ਕੁਮਾਰ ਨੂੰ ਤੁਰੰਤ ਕਾਰਵਾਈ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਦਿੱਤੀ।
ਵਾਰਡ 46 ਵਿੱਚ ਸਥਿਤ ਪੰਚ ਮੁਖੀ ਹਨੂੰਮਾਨ ਮੰਦਰ ਰੋਡ ‘ਤੇ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਵੀ ਗੰਭੀਰਤਾ ਨਾਲ ਜਾਇਜ਼ਾ ਲਿਆ ਗਿਆ। ਉਥੇ ਵੀ ਮੇਅਰ ਨੇ ਤਤਕਾਲ ਹਲ ਲਈ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤਾ।
ਇਲਾਕਾ ਨਿਵਾਸੀਆਂ ਨੇ ਪੈਦਲ ਦੌਰਾ ਕਰ ਰਹੇ ਮੇਅਰ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਰੂਬਰੂ ਹੋ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਲੋਕ-ਕੇਂਦਰੀ ਨੀਤੀਆਂ ਅਨੁਸਾਰ, ਹਰ ਸਮੱਸਿਆ ਦਾ ਹੱਲ ਲੱਭਣ ਲਈ ਵਚਨਬੱਧ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅਖੀਰ ‘ਚ ਕਿਹਾ ਕਿ ਉਹ ਨਿਰੰਤਰ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਮੌਕੇ ‘ਤੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ, ਸੂਚਿਤ ਅਤੇ ਤੇਜ਼ ਕਾਰਵਾਈ ਕੀਤੀ ਜਾ ਸਕੇ।
Get all latest content delivered to your email a few times a month.