ਤਾਜਾ ਖਬਰਾਂ
ਘਨੌਰ ਇਨਡੋਰ ਹਾਲ ਚ ਜਲਦੀ ਕਬੱਡੀ ਨੈਸ਼ਨਲ ਸਟਾਈਲ ਦੇ ਹੋਣਗੇ ਮੈਚ: ਐਸੋਸੀਏਸ਼ਨ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ
ਪੰਜਾਬ ਕਬੱਡੀ ਐਸੋਸੀਏਸ਼ਨ ਦੀ ਰਾਜਪੁਰਾ ’ਚ ਹੋਈ ਅਹਿਮ ਮੀਟਿੰਗ ਭਵਿੱਖ ਚ ਹੋਣ ਵਾਲੀ ਚੈਂਪੀਅਨਸ਼ਿਪਾ ਤੇ ਕੀਤੀ ਚਰਚਾ
ਰਾਜਪੁਰਾ, 27 ਜੁਲਾਈ:
ਪੰਜਾਬ ਕਬੱਡੀ ਐਸੋਸੀਏਸ਼ਨ ਨੇ ਲੜਕੇ ਅਤੇ ਲੜਕੀਆਂ ਲਈ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕਬੱਡੀ ਲੀਗ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਅਤੇ ਜਰਨਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਅਗਵਾਈ ਹੇਠ ਰਾਜਪੁਰਾ ਵਿਖੇ ਹੋਈ ਮੀਟਿੰਗ ਨੂੰ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਜਾਣ ਲਈ ਇਹ ਕਬੱਡੀ ਲੀਗ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਦੀ ਮੁਹਿੰਮ ਰਾਹੀਂ ਰਾਜ ਭਰ ਵਿਚ ਖੇਡਾਂ ਲਈ ਵਧੀਆ ਢਾਂਚਾ ਤਿਆਰ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਨਵੇਂ ਖੇਡ ਸਟੇਡੀਅਮ ਬਣਾਉਣ ਦੇ ਫੈਸਲੇ ਨਾਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਲਈ ਮੌਕੇ ਮਿਲਣਗੇ।
ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਨੇ ਹਿੱਸਾ ਲਿਆ ਅਤੇ ਇਹ ਮਤਾ ਪਾਸ ਕੀਤਾ ਕਿ ਹਰੇਕ ਜ਼ਿਲ੍ਹੇ ਵਿੱਚ ਲੜਕੇ-ਲੜਕੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਲੀਗ ਕਰਵਾਈ ਜਾਵੇ। ਇਨ੍ਹਾਂ ਲੀਗਾਂ ਰਾਹੀਂ ਚੁਣੀ ਗਈਆਂ ਟੀਮਾਂ ਨੂੰ ਅੱਗੇ ਰਾਸ਼ਟਰੀ ਪੱਧਰ ਉੱਤੇ ਖੇਡਣ ਦੇ ਮੌਕੇ ਦਿੱਤੇ ਜਾਣਗੇ।ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਲਗਭਗ 18 ਸਾਲਾਂ ਮਗਰੋਂ ਪੰਜਾਬ ਦੀ ਕਬੱਡੀ ਟੀਮ ਨੇ ਨੈਸ਼ਨਲ ਪੱਧਰ ਤੇ ਕਾਂਸੇ ਦਾ ਤਮਗਾ ਜਿੱਤਿਆ ਹੈ, ਜੋ ਸੂਬੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਨੈਸ਼ਨਲ ਸਟਾਈਲ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਭਰ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਅਠ-ਅੱਠ ਟੀਮਾਂ ਬਣ ਕੇ ਸਟੇਟ ਦੇ ਨਾਲ ਜ਼ਿਲ੍ਹਾ ਪੱਧਰੀ ਕਬੱਡੀ ਲੀਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸੇ ਸਬੰਧੀ ਹਰੇਕ ਟੀਮ ਲਈ ਸਮਰਪਿਤ ਕੋਚਾਂ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਨਵੇਂ ਟੈਲੰਟ ਨੂੰ ਉਭਾਰਣ ਵਿਚ ਭੂਮਿਕਾ ਨਿਭਾਉਣਗੇ।
ਇਸ ਮੌਕੇ 2026-27 ਦੌਰਾਨ ਖੇਡਾਂ ਦੇ ਕੈਲੰਡਰ ਨੂੰ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕਬੱਡੀ ਸਮੇਤ ਹੋਰ ਖੇਡਾਂ ਦੇ ਮੁਕਾਬਲਿਆਂ ਦੀ ਪੂਰੀ ਯੋਜਨਾ ਦਰਜ ਕੀਤੀ ਗਈ ਹੈ। ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾ ਵੱਲੋਂ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਯਕੀਨ ਦਵਾਇਆ ਕਿ ਪੰਜਾਬ ਵਿੱਚ ਕਬੱਡੀ ਲੀਗ ਦੇ ਆਯੋਜਨ ਦੌਰਾਨ ਕਿਸੇ ਵੀ ਕਿਸਮ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।ਇਹ ਮੀਟਿੰਗ ਕਬੱਡੀ ਖੇਡ ਨੂੰ ਨਵੇਂ ਆਸਮਾਨਾਂ ’ਤੇ ਲੈ ਜਾਣ ਲਈ ਇਕ ਨਵੇਂ ਦੌਰ ਦੀ ਸ਼ੁਰੂਆਤ ਵਜੋਂ ਵੇਖੀ ਜਾ ਰਹੀ ਹੈ।
ਇਸ ਮੌਕੇ ਬਲਜੀਤ ਸਿੰਘ, ਇਕਬਾਲ ਸਿੰਘ ਸੰਧੂ ਸੀਨੀਅਰ ਵਾਈਸ ਪ੍ਰਧਾਨ, ਭੁਪਿੰਦਰ ਸਿੰਘ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ ਵਾਈਸ ਪ੍ਰਧਾਨ, ਕਮਲਜੀਤ ਸਿੰਘ ਜੁਆਇੰਟ ਸਕੱਤਰ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਜਸਕਰਨ ਕੌਰ ਅਤੇ ਚਰਨ ਸਿੰਘ ਨੂੰ ਖਜਾਨਚੀ, ਮਨਜੀਤ ਸਿੰਘ ਦਰਸ਼ਨ ਮੰਜੋਲੀ ਜ਼ਿਲ੍ਹਾ ਪ੍ਰਧਾਨ, ਸਰਪੰਚ ਇੰਦਰਜੀਤ ਸਿੰਘ ਸਿਆਲੂ ਜ਼ਿਲ੍ਹਾ ਖਜਾਨਚੀ, ਬਲਤੇਜ ਸਿੰਘ ਮੁਕਤਸਰ, ਨਿਰਮਲ ਸਿੰਘ ਫ਼ਤਹਿਗੜ੍ਹ ਸਾਹਿਬ, ਰਣਜੀਤ ਸਿੰਘ ਅਮ੍ਰਿਤਸਰ, ਗੁਰਮੀਤ ਸਿੰਘ ਸਮੇਤ ਪੰਜਾਬ ਭਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰਾਂ ਸਮੇਤ ਹੋਰ ਵੀ ਮੌਜੂਦ ਸਨ।
Get all latest content delivered to your email a few times a month.