ਤਾਜਾ ਖਬਰਾਂ
ਮੁਹਾਲੀ- CBI ਦੀ ਵਿਸ਼ੇਸ਼ ਅਦਾਲਤ ਨੇ ਸਾਲ 1993 ਵਿਚ ਤਤਕਾਲੀ ਪੁਲਿਸ ਅਧਿਕਾਰੀਆਂ ਵਲੋਂ ਦੋ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਗਏ 5 ਨੌਜਵਾਨਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਪਹਿਲੇ ਮਾਮਲੇ ਵਿਚ 27 ਜੂਨ ਦੀ ਸਵੇਰ ਨੂੰ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਐਸ.ਪੀ.ਓ. ਸ਼ਿੰਦਰ ਸਿੰਘ, ਦੇਸਾ ਸਿੰਘ, ਸੁਖਦੇਵ ਸਿੰਘ ਅਤੇ ਬਲਕਾਰ ਸਿੰਘ ਨੂੰ ਪਿੰਡ ਰਾਣੀ ਵਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਡੀ.ਐਸ.ਪੀ. ਭੁਪਿੰਦਰ ਸਿੰਘ ਨਾਲ ਥਾਣਾ ਸਰਹਾਲੀ ਦੀ ਟੀਮ ਵਲੋਂ ਐਸ.ਪੀ.ਓ. ਸ਼ਿੰਦਰ ਸਿੰਘ, ਦੇਸਾ ਸਿੰਘ ਅਤੇ ਸੁਖਦੇਵ ਸਿੰਘ ਨੂੰ 12 ਜੁਲਾਈ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਗਿਆ।
ਦੂਸਰਾ ਮਾਮਲਾ ਥਾਣਾ ਵੈਰੋਵਾਲ ਦਾ ਹੈ, ਜਿਸ ਵਿਚ ਇੰਸਪੈਕਟਰ ਰਘੁਬੀਰ ਸਿੰਘ ਅਤੇ ਸੂਬਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸੱਬਾ ਨੂੰ 28 ਜੁਲਾਈ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਅੱਜ ਮੁਹਾਲੀ ਵਿਖੇ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਡੀ.ਐਸ.ਪੀ. ਭੁਪਿੰਦਰ ਸਿੰਘ, ਇੰਸਪੈਕਟਰ ਰਘੁਬੀਰ ਸਿੰਘ, ਸੂਬਾ ਸਿੰਘ, ਏ. ਐਸ. ਆਈ. ਦੇਵਿੰਦਰ ਸਿੰਘ ਅਤੇ ਗੁਲਬਰਗ ਸਿੰਘ ਨੂੰ ਆਈ. ਪੀ. ਸੀ. ਦੀ ਧਾਰਾ 302, 218, 201 ਅਤੇ 120 ਬੀ ਤਹਿਤ ਦੋਸ਼ੀ ਠਹਰਾਇਆ ਗਿਆ ਹੈ। ਦੱਸ ਦਈਏ ਕਿ ਇਸ ਕੇਸ ਵਿਚ ਕੁੱਲ 10 ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ ਬਾਕੀਆਂ ਦੀ ਮੌਤ ਹੋਣ ਕਾਰਨ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕੀ। ਅਦਾਲਤ ਵਲੋਂ 4 ਅਗਸਤ ਦਿਨ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
Get all latest content delivered to your email a few times a month.