ਤਾਜਾ ਖਬਰਾਂ
ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਆਈਆਈਟੀ ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਮਹਾਂ ਨਾਟਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਜੇਤੂ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਾਟਕ ਰਾਹੀਂ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਪ੍ਰਯਾਸ ਨਾਲ ਰੂਪਨਗਰ ਜ਼ਿਲ੍ਹੇ ਦੇ 50,000 ਤੋਂ ਵੱਧ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਅਭਿਆਨ ਨਾਲ ਜੋੜਿਆ ਗਿਆ ਹੈ।
ਸਿਸੋਦੀਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਕਿਸੇ ਹੋਰ ਸੂਬੇ ਵਿੱਚ ਨਹੀਂ ਹੋਈ, ਜਿੱਥੇ 2000 ਵਿਦਿਆਰਥੀਆਂ ਵੱਖ-ਵੱਖ ਕਿਰਦਾਰ ਨਿਭਾ ਰਹੇ ਹੋਣ ਅਤੇ ਹਜ਼ਾਰਾਂ ਮਾਪੇ ਤੇ ਪਿੰਡ ਵਾਸੀ ਦਰਸ਼ਕ ਵਜੋਂ ਹਿੱਸਾ ਲੈ ਰਹੇ ਹੋਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਬੱਚਿਆਂ ਨੂੰ ਸਹੀ ਰਸਤੇ ਤੇ ਲਿਆਂਦਾ ਗਿਆ ਤਾਂ ਪੰਜਾਬ ਨੂੰ ਜਲਦੀ ਹੀ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਬੜੀ ਤਨਦੇਹੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਸਮਾਜ ਨੂੰ ਵੀ ਇਸ ਯਤਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਮੁਕਾਬਲਿਆਂ ਦੀ ਰੂਪਰੇਖਾ ਐਸਡੀਐਮ ਸੰਜੀਵ ਕੁਮਾਰ ਨੇ ਤਿਆਰ ਕੀਤੀ, ਜੋ ਸ਼ਲਾਘਾਯੋਗ ਹੈ। ਨਤੀਜੇ ਅਨੁਸਾਰ ਪਹਿਲਾ ਸਥਾਨ ਸਕੂਲ ਆਫ ਐਮੀਨੈਂਸ ਮੋਰਿੰਡਾ ਨੂੰ ਮਿਲਿਆ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਅਤੇ ਘਨੌਲੀ ਨੂੰ ਸਾਂਝਾ ਤੌਰ ਤੇ ਮਿਲਿਆ, ਜਦਕਿ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਝੱਜ ਨੂੰ ਮਿਲਿਆ। ਬੈਸਟ ਐਕਟਰ ਵਜੋਂ ਪਰਮਿੰਦਰ ਕੌਰ, ਗੁਰਮਿਸਰਤ ਕੌਰ, ਸਤਵੀਰ ਸਿੰਘ ਅਤੇ ਵਾਨਿਕਾ ਚੁਣੇ ਗਏ।
ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਵੱਖ-ਵੱਖ ਅਧਿਕਾਰੀ, ਪਿੰਡਾਂ ਦੇ ਸਰਪੰਚ ਤੇ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਿਸੋਦੀਆ ਨੇ ਕਿਹਾ ਕਿ 1000 ਪੰਚਾਇਤਾਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਘੋਸ਼ਿਤ ਕਰ ਚੁੱਕੀਆਂ ਹਨ ਅਤੇ ਜਲਦ ਹੋਰ ਪਿੰਡ ਵੀ ਇਸ ਸੂਚੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਆਸ ਜਤਾਈ ਕਿ ਇਸ ਮੁਹਿੰਮ ਰਾਹੀਂ ਜਲਦ ਹੀ ਸੂਬੇ ਤੋਂ ਨਸ਼ਿਆਂ ਦਾ ਖ਼ਾਤਮਾ ਹੋਵੇਗਾ।
Get all latest content delivered to your email a few times a month.