ਤਾਜਾ ਖਬਰਾਂ
ਅੰਤਿਮ ਸੰਸਕਾਰ 15 ਅਗਸਤ ਦੁਪਹਿਰ 2 ਵਜੇ ਅਰਬਨ ਐਸਟੇਟ ਸ਼ਮਸ਼ਾਨ ਘਰ ਦੁੱਗਰੀ(ਲੁਧਿਆਣਾ) ਵਿਖੇ ਹੋਵੇਗਾ।
ਲੁਧਿਆਣਾ: 14 ਅਗਸਤ
ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਜੀ 13 ਅਗਸਤ ਨੂੰ ਸੁਰਗਵਾਸ ਹੋ ਗਏ ਹਨ। ਉਹ ਬਾਬਾ ਬਕਾਲਾ (ਅੰਮ੍ਰਿਤਸਰ) ਦੇ ਜੰਮਪਲ ਸਨ।
ਲਗਪਗ 35 ਸਾਲ ਉਹ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਪਹਿਲਾਂ ਇਲੈਕਟਰੀਕਲ ਇੰਜਨੀਰਿੰਗ ਦੇ ਪ੍ਰੋਫੈਸਰ ਤੇ ਮਗਰੋਂ ਇਸੇ ਕਾਲਿਜ ਦੇ ਪ੍ਰਿੰਸੀਪਲ ਰਹੇ।
ਇੰਜਨੀਰਿੰਗ ਪੜ੍ਹਾਉਣ ਤੋਂ ਬਿਨਾਂ ਉਹ ਆਪਣੇ ਸਹਿਕਰਮੀ ਤੇ ਮਨੋਂ ਮੰਨੇ ਵੱਡੇ ਵੀਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਾਲ ਮਿਲ ਕੇ ਸਾਹਿੱਤਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਵੀ ਸੰਚਾਲਕ ਰਹੇ। ਵਿਦਿਆਰਥੀਆਂ ਤੋਂ ਵਿਸ਼ਾਲ ਪੱਧਰ ਤੇ “ਆਨੰਦ ਉਤਸਵ” ਸ਼ੁਰੂ ਕਰਵਾ ਕੇ ਇਸ ਨੂੰ ਵਿਸ਼ੇਸ਼ ਸਰਗਰਮੀ ਬਣਾਇਆ। “ਕਲਾ ਸੰਗਮ ਸੰਗਠਨ” ਸੰਸਥਾ ਕਾਲਿਜ ਵਿੱਚ ਬਣਾ ਕੇ ਸਿਰਜਣਾਤਮਕ ਪ੍ਰਤਿਭਾਵਾਨ ਨੌਜਵਾਨ ਤਰਾਸ਼ੇ।
ਉਹ ਆਪ ਵੀ ਪੰਜਾਬੀ ਟ੍ਰਿਬਿਉਨ ਵਿੱਚ ਹਫ਼ਤਾਵਾਰੀ ਕਾਲਮ “ ਕਣ ਕਣ ਵਿੱਚ ਵਿਗਿਆਨ” ਲਿਖਦੇ ਰਹੇ। ਉਤਸ਼ਾਹ ਦੀ ਮੂਰਤ ਸਨ ਸਭ ਲਈ।
ਸੇਵਾ ਮੁਕਤੀ ਉਪਰੰਤ ਉਹ ਚਾਰ ਸਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਇੰਜਨੀਰਿੰਗ ਤੇ ਟੈਕਨਾਲੋਜੀ ਇੰਸਟੀਚਿਊਟ ਦੇ ਡੀਨ ਰਹੇ। ਇਸ ਉਪਰੰਤ ਉਹ ਸੰਤ ਭਾਗ ਸਿੰਘ ਇੰਜਨੀਰਿੰਗ ਯੂਨੀਵਰਸਿਟੀ ਦੇ ਵੀ ਪੰਜ ਸਾਲਾਂ ਲਈ ਡੀਨ ਰਹੇ।
ਡਾ. ਹਰੀ ਸਿੰਘ ਇਸ ਵੇਲੇ 93 ਸਾਲ ਦੇ ਸਨ। ਆਪਣੇ ਪਿੱਛੇ ਉਹ ਦੋ ਪੁੱਤਰਾਂ ਸਮੇਤ ਪਰਿਵਾਰ ਛੱਡ ਗਏ ਹਨ। ਸੇਵਾ ਮੁਕਤੀ ਉਪਰੰਤ ਉਨ੍ਹਾਂ ਕੀਰਤਨ ਕਰਨਾ ਸਿੱਖਿਆ ਅਤੇ ਨਿਸ਼ਕਾਮ ਕੀਰਤਨ ਕਰਕੇ ਰੂਹ ਤ੍ਰਿਪਤਾਉਂਦੇ ਸਨ। ਜੀਵਨ ਸਾਥਣ ਪ੍ਰੋ. ਸੁਖਬੀਰ ਕੌਰ ਦੇ ਵਿਛੋੜੇ ਉਪਰੰਤ ਉਹ ਬਹੁਤਾ ਸਮਾਂ ਨਿਸ਼ਕਾਮ ਵਿਗਿਆਨ ਅਧਿਆਪਨ ਨੂੰ ਸਮਰਪਿਤ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ,ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਸਿਡਨੀ(ਆਸਟ੍ਰੇਲੀਆ) ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਸੀ ਐੱਮ ਡੀ ਸ.ਬਲਵੇਵ ਸਿੰਘ ਸਰਾਂ, ਬ੍ਰਿਗੇਡੀਅਰ ਜ਼ੋਰਾ ਸਿੰਘ ਖੋਸਾ,ਪ੍ਰੋ. ਜਗਮੋਹਨ ਸਿੰਘ,ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਚੀਫ਼ ਇੰਜਨੀਅਰ ਰੀਟਾਇਰਡ ਪਰਮਜੀਤ ਸਿੰਘ ਧਾਲੀਵਾਲ(ਸਾਰੇ ਪੁਰਾਣੇ ਵਿਦਿਆਰਥੀ)ਪ੍ਰੋ. ਸੁਖਵੰਤ ਸਿੰਘ ਗਿੱਲ ਬਟਾਲਾ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਡੀ ਏ ਵੀ ਵਿੱਦਿਅਕ ਸੰਸਥਾਵਾਂ ਦੇ ਸਾਬਕਾ ਡਾਇਰੈਕਟਰ ਡਾ. ਸਤੀਸ਼ ਸ਼ਰਮਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਇੰਜ. ਸੁਰਿੰਦਰ ਸਿੰਘ ਵਿਰਦੀ ਮੁਤਾਬਕ ਅੰਤਿਮ ਸੰਸਕਾਰ 15 ਅਗਸਤ ਦੁਪਹਿਰ 2 ਵਜੇ ਅਰਬਨ ਐਸਟੇਟ ਦੁੱਗਰੀ ਸ਼ਮਸ਼ਾਨ ਘਾਟ ਦੁੱਗਰੀ(ਲੁਧਿਆਣਾ) ਵਿਖੇ ਹੋਵੇਗਾ।
Get all latest content delivered to your email a few times a month.