ਤਾਜਾ ਖਬਰਾਂ
ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਨੇ ਟੈਕਸ ਮਾਲੀਏ ਵਿੱਚ 24.82 ਕਰੋੜ ਰੁਪਏ ਇਕੱਠੇ ਕੀਤੇ: ਡੀ ਸੀ ਕੋਮਲ ਮਿੱਤਲ
ਸ਼ਹਿਰੀਆਂ ਨੂੰ ਜੁਰਮਾਨੇ ਅਤੇ ਵਿਆਜ ਤੋਂ ਬਿਨਾਂ ਤੈਅ ਮਿਤੀ ਤੱਕ ਬਕਾਇਆ ਭੁਗਤਾਨ ਕਰਨ ਦੀ ਅਪੀਲ ਕੀਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਗਸਤ:
ਇੱਕ ਮੁਸ਼ਤ ਨਿਪਟਾਰਾ ਯੋਜਨਾ ਤਹਿਤ ਆਪਣੇ ਜਾਇਦਾਦ ਟੈਕਸ ਦੇ ਬਕਾਏ ਦਾ ਭੁਗਤਾਨ ਕਰਨ ਪ੍ਰਤੀ ਸ਼ਹਿਰੀ ਨਿਵਾਸੀਆਂ ਦੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੇ ਇੱਕ ਵਾਰ ਫਿਰ ਇੱਕ ਮੁਸ਼ਤ ਨਿਪਟਾਰਾ ਨਿਪਟਾਰਾ (ਓ ਟੀ ਐਸ) ਯੋਜਨਾ ਦੀ ਅੰਤਮ ਮਿਤੀ 31 ਅਗਸਤ, 2025 ਤੱਕ ਵਧਾ ਦਿੱਤੀ ਹੈ।
ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਸ ਯੋਜਨਾ ਤਹਿਤ, ਸ਼ਹਿਰ ਨਿਵਾਸੀ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਦੇ ਆਪਣੇ ਬਕਾਇਆ ਜਾਇਦਾਦ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਨੇ 1 ਜੁਲਾਈ ਤੋਂ 15 ਅਗਸਤ, 2025 ਦੇ ਵਿਚਕਾਰ 24.82 ਕਰੋੜ ਰੁਪਏ ਇਕੱਠੇ ਕਰਕੇ ਸ਼ਾਨਦਾਰ ਪ੍ਰਗਤੀ ਦਰਜ ਕੀਤੀ ਹੈ।
ਪ੍ਰਾਪਤ ਮਾਲੀਏ ਦੇ ਅੰਕੜਿਆਂ ਬਾਰੇ ਦੱਸਦੇ ਹੋਏ, ਡੀ ਸੀ ਨੇ ਕਿਹਾ ਕਿ ਨਗਰ ਕੌਂਸਲ ਜ਼ੀਰਕਪੁਰ ਨੇ 15.47 ਕਰੋੜ ਰੁਪਏ ਦੇ ਨਾਲ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਉਸ ਤੋਂ ਬਾਅਦ ਖਰੜ ਨੇ 4.26 ਕਰੋੜ ਰੁਪਏ ਅਤੇ ਡੇਰਾਬੱਸੀ ਨੇ 2.39 ਕਰੋੜ ਰੁਪਏ ਦੇ ਨਾਲ ਬਕਾਇਆ ਵਸੂਲੀ ਕੀਤੀ ਹੈ। ਹੋਰ ਨਗਰ ਕੌਂਸਲਾਂ ਵਿੱਚ - ਲਾਲੜੂ ਨੇ 1.03 ਕਰੋੜ ਰੁਪਏ, ਕੁਰਾਲੀ ਨੇ 62 ਲੱਖ ਰੁਪਏ, ਨਵਾਂ ਗਾਉਂ ਨੇ 60 ਲੱਖ ਰੁਪਏ ਅਤੇ ਬਨੂੜ ਨੇ 44 ਲੱਖ ਰੁਪਏ ਦੇ ਬਕਾਏ ਵਸੂਲੇ ਹਨ।
ਸ਼ਹਿਰੀ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ, ਡੀ ਸੀ ਕੋਮਲ ਮਿੱਤਲ ਨੇ ਉਨ੍ਹਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਅਤੇ ਭਵਿੱਖ ਵਿੱਚ ਵਾਧੂ ਜੁਰਮਾਨਿਆਂ ਤੋਂ ਬਚਣ ਲਈ 31 ਅਗਸਤ, 2025 ਤੋਂ ਪਹਿਲਾਂ ਆਪਣੇ ਜਾਇਦਾਦ ਟੈਕਸ ਦੇ ਬਕਾਏ ਆਪਣੀਆਂ ਸਬੰਧਤ ਨਗਰ ਕੌਂਸਲਾਂ ਵਿੱਚ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਜਾਇਦਾਦ ਟੈਕਸ ਨਾ ਭਰਨ ਵਾਲੇ ਜਾਇਦਾਦ ਮਾਲਕਾਂ ਦੀਆਂ ਸੂਚੀਆਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਇਸ ਸਕੀਮ ਤਹਿਤ ਸਮੇਂ ਸਿਰ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ, ਉਨ੍ਹਾਂ ਨਾਲ ਵਿਅਕਤੀਗਤ ਤੌਰ 'ਤੇ ਸੰਪਰਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਓ ਟੀ ਐਸ ਦੀ ਤੈਅ ਮਿਆਦ ਦੇ ਅੰਦਰ ਆਪਣੇ ਬਕਾਏ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
Get all latest content delivered to your email a few times a month.