ਤਾਜਾ ਖਬਰਾਂ
ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਅੱਤਵਾਦ ਵਿਰੁੱਧ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੀਕੇਆਈ (ਬੱਬਰ ਖ਼ਾਲਸਾ ਇੰਟਰਨੈਸ਼ਨਲ) ਦੇ ਕਾਰਕੁਨਾਂ ਤੋਂ ਇੱਕ 86P ਹੈਂਡ ਗ੍ਰੇਨੇਡ ਬਰਾਮਦ ਕੀਤਾ ਹੈ। ਕੁਝ ਦਿਨ ਪਹਿਲਾਂ ਕੀਤੀ ਗਈ ਕਾਰਵਾਈ ਦੌਰਾਨ ਬੀਕੇਆਈ ਨਾਲ ਸੰਬੰਧਤ ਦੋ ਵਿਅਕਤੀਆਂ — ਰਿਤਿਕ ਨਰੋਲੀਆ ਅਤੇ ਰਾਜਸਥਾਨ ਤੋਂ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ ਹੋਰ ਵੱਡੇ ਕਦਮ ਚੁੱਕੇ। ਇਸ ਤਹਿਤ, ਵਿਸ਼ਵਜੀਤ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਮਾਮਲੇ ਵਿੱਚ ਉਸ ਦਾ ਸਾਥੀ ਜੈਕਸਨ ਨੂੰ ਨਕੋਦਰ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਹੀ ਪੁਲਿਸ ਨੇ ਹੈਂਡ ਗ੍ਰੇਨੇਡ ਬਰਾਮਦ ਕੀਤਾ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰੇ ਦੋਸ਼ੀ ਕੈਨੇਡਾ-ਅਧਾਰਿਤ ਬੀਕੇਆਈ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਅਤੇ ਅਜੇ ਗਿੱਲ ਦੇ ਹੁਕਮਾਂ 'ਤੇ ਕੰਮ ਕਰ ਰਹੇ ਸਨ। ਵਿਸ਼ਵਜੀਤ ਅਤੇ ਜੈਕਸਨ ਨੇ ਜੁਲਾਈ ਦੇ ਆਖਰੀ ਹਫ਼ਤੇ ਵਿੱਚ ਬਿਆਸ ਤੋਂ ਆਪਣੇ ਸਾਥੀਆਂ ਰਾਹੀਂ ਦੋ ਹੈਂਡ ਗ੍ਰੇਨੇਡ ਹਾਸਲ ਕੀਤੇ ਸਨ। ਉਨ੍ਹਾਂ ਵਿੱਚੋਂ ਇੱਕ ਗ੍ਰੇਨੇਡ ਲਗਭਗ 10 ਦਿਨ ਪਹਿਲਾਂ ਐਸਬੀਐਸ ਨਗਰ ਵਿੱਚ ਇੱਕ ਸ਼ਰਾਬ ਦੀ ਦੁਕਾਨ 'ਤੇ ਇਸ ਮਾਡਿਊਲ ਦੇ ਹੋਰ ਮੈਂਬਰਾਂ ਵੱਲੋਂ ਧਮਾਕੇ ਨਾਲ ਵਰਤਿਆ ਗਿਆ ਸੀ।
ਇਸ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ, ਅੰਮ੍ਰਿਤਸਰ ਦੇ ਪੀਐਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC) ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ ਦੋਹਰਾਇਆ ਹੈ ਕਿ ਉਹ ਸੂਬੇ ਵਿੱਚ ਅੱਤਵਾਦੀ ਨੈੱਟਵਰਕਾਂ ਨੂੰ ਜੜੋਂ ਸਮੇਤ ਖ਼ਤਮ ਕਰਨ, ਸੰਗਠਿਤ ਅਪਰਾਧ ਦਾ ਖਾਤਮਾ ਕਰਨ ਅਤੇ ਸ਼ਾਂਤੀ ਨਾਲ ਨਾਲ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।
Get all latest content delivered to your email a few times a month.