ਤਾਜਾ ਖਬਰਾਂ
ਕਿਹਾ: ਪੰਜਾਬ ਵਿੱਚ ਫਿਰੌਤੀ ਲਈ ਹੱਤਿਆਵਾਂ ਹੁਣ ਨਵਾਂ ਆਮ ਦੌਰ ਬਣ ਗਈਆਂ ਹਨ
ਚੰਡੀਗੜ੍ਹ, 20 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਬੀਤੀ ਰਾਤ ਇੱਕ ਵਪਾਰੀ ਰਵੀ ਢਿੱਲੋਂ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਕੁਝ ਗੈਂਗਸਟਰਾਂ ਦੇ ਇਸ਼ਾਰੇ 'ਤੇ ਇਹ ਹੱਤਿਆ ਕਰਵਾਈ ਗਈ ਹੈ।
ਵੜਿੰਗ ਨੇ ਬੀਤੀ ਸ਼ਾਮ ਜਲੰਧਰ ਵਿੱਚ ਇੱਕ ਡਾਕਟਰ ਰਾਹੁਲ ਸੂਦ ਉੱਪਰ ਹੋਏ ਹਮਲੇ ਦੀ ਵੀ ਨਿੰਦਾ ਕੀਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਫਿਰੌਤੀ ਲਈ ਹੱਤਿਆਵਾਂ ਹੁਣ ਨਵਾਂ ਆਮ ਦੌਰ ਬਣਨ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਕੋਈ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ।
ਇਸ ਦੌਰਾਨ ਸੂਬੇ ਵਿੱਚ ਵਿਗੜਦੀ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਉੱਪਰ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਜਾਪਦਾ ਹੈ। ਇਵੇਂ ਪ੍ਰਤੀਤ ਹੁੰਦਾ ਹੈ ਕਿ ਸੂਬਾ ਸਰਕਾਰ ਸ਼ਾਸਨ ਚਲਾਉਣ ਦੀ ਇੱਛਾ ਛੱਡ ਕੇ ਹੋਰ ਕੰਮਾਂ ਵਿੱਚ ਰੁੱਝੀ ਹੋਈ ਹੈ, ਜਦਕਿ ਅਪਰਾਧੀ ਅਤੇ ਗੈਂਗਸਟਰ ਰਾਜ ਕਰ ਰਹੇ ਹਨ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੁਲਿਸ ਪਿਛਲੀਆਂ ਘਟਨਾਵਾਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਅਪਰਾਧੀਆਂ ਦਾ ਹੌਸਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਥੋਂ ਤੱਕ ਕਿ ਪੁਲਿਸ ਨੂੰ ਗੈਂਗਸਟਰਾਂ ਵੱਲੋਂ ਪਹਿਲਾਂ ਕੀਤਿਆਂ ਗਈਆਂ ਹੱਤਿਆਵਾਂ ਅਤੇ ਕਾਤਲਾਨਾ ਹਮਲਿਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।
ਜਿਸ ਤੇ ਵੜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਕਾਰੋਬਾਰੀਆਂ, ਵਪਾਰੀਆਂ ਅਤੇ ਡਾਕਟਰਾਂ ਵਰਗੇ ਲੋਕਾਂ ਨੂੰ ਮਾਰਨ ਅਤੇ ਡਰਾਉਣ-ਧਮਕਾਉਣ ਦਾ ਇਹ ਰੁਝਾਨ ਸੂਬੇ ਵਿੱਚ ਪੂਰੀ ਤਰ੍ਹਾਂ ਆਰਥਿਕ ਤਬਾਹੀ ਲਿਆ ਦੇਵੇਗਾ, ਕਿਉਂਕਿ ਲੋਕ ਹੁਣ ਇੱਥੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ।
ਇਸ ਤੋਂ ਇਲਾਵਾ, ਸੂਬਾ ਕਾਂਗਰਸ ਪ੍ਰਧਾਨ ਨੇ ਪਟਿਆਲਾ ਦੇ ਤਲਵੰਡੀ ਸਾਬੋ ਤੋਂ ਕਾਂਗਰਸੀ ਵਰਕਰ ਦਿਲਾਵਰ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।
Get all latest content delivered to your email a few times a month.