ਤਾਜਾ ਖਬਰਾਂ
ਹਰਿਆਣਾ ਦੇ ਪਾਣੀਪਤ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਬੱਚਿਆਂ ਨਾਲ ਅਣ-ਮਨੁੱਖੀ ਵਿਵਹਾਰ ਦਾ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈਆਂ ਵੀਡੀਓਜ਼ ਨੇ ਸਕੂਲ ਪ੍ਰਬੰਧਨ ਦੀ ਬੇਰਹਿਮੀ ਬੇਨਕਾਬ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਦੂਜੀ ਜਮਾਤ ਦੇ ਸੱਤ ਸਾਲਾ ਬੱਚੇ ਨੂੰ ਹੋਮਵਰਕ ਨਾ ਕਰਨ 'ਤੇ ਰੱਸੀਆਂ ਨਾਲ ਬੰਨ੍ਹ ਕੇ ਖਿੜਕੀ ਤੋਂ ਉਲਟਾ ਟੰਗ ਦਿੱਤਾ ਗਿਆ ਅਤੇ ਸਕੂਲ ਡਰਾਈਵਰ ਅਜੈ ਨੇ ਉਸ ਦੀ ਕੁੱਟਮਾਰ ਕੀਤੀ। ਮਾਪਿਆਂ ਦੇ ਦੋਸ਼ ਮੁਤਾਬਕ, ਇਹ ਸਭ ਪ੍ਰਿੰਸੀਪਲ ਰੀਨਾ ਦੇ ਕਹਿਣ 'ਤੇ ਕੀਤਾ ਗਿਆ। ਡਰਾਈਵਰ ਨੇ ਨਾ ਸਿਰਫ਼ ਬੱਚੇ ਨੂੰ ਥੱਪੜ ਮਾਰੇ, ਬਲਕਿ ਵੀਡੀਓ ਕਾਲਾਂ ਰਾਹੀਂ ਉਸਦੀ ਬੇਇਜ਼ਤੀ ਕਰਦੇ ਹੋਏ ਰਿਕਾਰਡਿੰਗ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ।
ਇਸ ਤੋਂ ਇਲਾਵਾ, ਵਾਇਰਲ ਹੋਈ ਇੱਕ ਹੋਰ ਵੀਡੀਓ ਵਿੱਚ ਪ੍ਰਿੰਸੀਪਲ ਰੀਨਾ ਖ਼ੁਦ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਸਹਿਪਾਠੀਆਂ ਦੇ ਸਾਹਮਣੇ ਮਾਰਦੀ-ਪੀਟਦੀ ਦਿਖਾਈ ਦਿੰਦੀ ਹੈ। ਰੀਨਾ ਨੇ ਆਪਣੇ ਕਿਰਦਾਰ ਦਾ ਜਵਾਜ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੇ ਕੁੜੀਆਂ ਨਾਲ ਗਲਤ ਵਿਵਹਾਰ ਕੀਤਾ ਸੀ ਅਤੇ ਉਹ ਪਹਿਲਾਂ ਮਾਪਿਆਂ ਨੂੰ ਸੂਚਿਤ ਕਰ ਚੁੱਕੀ ਸੀ। ਪਰ ਉਸਦੀ ਇਹ ਸਫ਼ਾਈ ਸਿੱਖਿਆ ਮੰਤਰਾਲੇ ਦੇ ਨਿਯਮਾਂ ਦੇ ਉਲਟ ਹੈ, ਕਿਉਂਕਿ ਸਰੀਰਕ ਸਜ਼ਾ 'ਤੇ ਸਖ਼ਤ ਪਾਬੰਦੀ ਹੈ।
ਕਈ ਮਾਪਿਆਂ ਨੇ ਹੋਰ ਗੰਭੀਰ ਦੋਸ਼ ਵੀ ਲਗਾਏ ਕਿ ਵਿਦਿਆਰਥੀਆਂ ਨੂੰ ਕਈ ਵਾਰ ਸਜ਼ਾ ਦੇ ਤੌਰ 'ਤੇ ਟਾਇਲਟ ਸਾਫ਼ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਸ਼ਿਕਾਇਤ ਮਿਲਣ ਉਪਰੰਤ ਮਾਡਲ ਟਾਊਨ ਪੁਲਿਸ ਨੇ ਕਿਸ਼ੋਰ ਨਿਆਂ ਐਕਟ, 2015 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਪ੍ਰਿੰਸੀਪਲ ਰੀਨਾ ਤੇ ਡਰਾਈਵਰ ਅਜੈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਸਕੂਲ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਸਕੂਲ ਨੂੰ ਬੱਚਿਆਂ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Get all latest content delivered to your email a few times a month.