ਤਾਜਾ ਖਬਰਾਂ
ਕੇਂਦਰੀ ਸਿਹਤ ਵਿਭਾਗ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਪਸ਼ੂਆਂ ਵਿੱਚ ਵਰਤੀਆਂ ਜਾਣ ਵਾਲੀਆਂ ਕੁੱਲ 34 ਦਵਾਈਆਂ ਦੇ ਨਿਰਮਾਣ, ਆਯਾਤ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹਨਾਂ ਦਵਾਈਆਂ ਵਿੱਚ 15 ਐਂਟੀਬਾਇਓਟਿਕਸ, 18 ਐਂਟੀਵਾਇਰਲ ਅਤੇ ਇੱਕ ਐਂਟੀਪ੍ਰੋਟੋਜ਼ੋਅਲ ਦਵਾਈ ਸ਼ਾਮਲ ਹੈ।
ਇਹ ਪਾਬੰਦੀ ਖਾਸ ਤੌਰ 'ਤੇ ਅੰਡੇ ਦੇਣ ਵਾਲੇ ਪੰਛੀਆਂ, ਡੇਅਰੀ ਜਾਨਵਰਾਂ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰਾਂ ਅਤੇ ਮਧੂ-ਮੱਖੀਆਂ 'ਤੇ ਲਾਗੂ ਹੋਵੇਗੀ।
ਪਾਬੰਦੀ ਦਾ ਕਾਰਨ: ਮਨੁੱਖੀ ਸਿਹਤ ਨੂੰ ਖ਼ਤਰਾ
ਕੇਂਦਰੀ ਸਿਹਤ ਵਿਭਾਗ ਨੇ ਪਾਇਆ ਹੈ ਕਿ ਪਸ਼ੂ ਪਾਲਕ ਅਕਸਰ ਇਨ੍ਹਾਂ ਦਵਾਈਆਂ ਦੀ ਵਰਤੋਂ ਜਾਨਵਰਾਂ ਵਿੱਚ ਲਾਗ ਦੇ ਇਲਾਜ, ਭੁੱਖ ਵਧਾਉਣ ਅਤੇ ਦੁੱਧ ਉਤਪਾਦਨ ਵਧਾਉਣ ਲਈ ਕਰਦੇ ਹਨ।
ਇਨ੍ਹਾਂ ਦਵਾਈਆਂ ਦੇ ਪ੍ਰਭਾਵ ਜਾਨਵਰਾਂ ਦੇ ਮਾਸ, ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੇ ਸੇਵਨ ਰਾਹੀਂ ਮਨੁੱਖਾਂ ਤੱਕ ਪਹੁੰਚ ਰਹੇ ਹਨ। ਪਾਬੰਦੀ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਦਵਾਈਆਂ ਦੇ ਲਗਾਤਾਰ ਸੇਵਨ ਨਾਲ ਮਨੁੱਖਾਂ ਵਿੱਚ ਵੀ ਦਵਾਈਆਂ ਪ੍ਰਤੀ ਰੋਧਕ ਸਮਰੱਥਾ (Resistance) ਪੈਦਾ ਹੋ ਰਹੀ ਹੈ। ਇਸ ਨਾਲ ਕਈ ਬਿਮਾਰੀਆਂ ਦੇ ਇਲਾਜ ਵਿੱਚ ਇਹੀ ਦਵਾਈਆਂ ਬੇਅਸਰ ਹੋ ਰਹੀਆਂ ਹਨ।
ਐਂਟੀਬਾਇਓਟਿਕਸ ਅਤੇ ਐਂਟੀਵਾਇਰਲ ਜਿਨ੍ਹਾਂ 'ਤੇ ਲੱਗੀ ਪਾਬੰਦੀ
ਬੈਨ ਕੀਤੀਆਂ ਗਈਆਂ ਐਂਟੀਬਾਇਓਟਿਕਸ ਵਿੱਚ ਮੁੱਖ ਤੌਰ 'ਤੇ ਯੂਰੀਡੋਪੇਨਿਸਿਲਿਨ, ਸੇਫਟੋਬੀਪ੍ਰੋਲ, ਸੇਫਟਾਰੋਲੀਨ, ਸੇਫਾਲੋਸਪੋਰਿਨ, ਕਾਰਬਾਪੇਨੇਮਜ਼, ਪੇਨੇਮਜ਼, ਮੋਨੋਬੈਕਟਮ, ਗਲਾਈਕੋਪੇਪਟਾਈਡਜ਼, ਲਿਪੋਪੇਪਟਾਈਡਜ਼, ਅਤੇ ਆਕਸਾਜ਼ੋਲੀਡੀਨੋਨਸ ਵਰਗੀਆਂ ਦਵਾਈਆਂ ਸ਼ਾਮਲ ਹਨ।
ਇਸੇ ਤਰ੍ਹਾਂ, ਐਂਟੀਵਾਇਰਲ ਦਵਾਈਆਂ ਵਿੱਚ ਅਮੈਂਟਾਡੀਨ, ਬਾਲੋਕਸਾਵਿਰ ਮਾਰਬੌਕਸਿਲ, ਫੈਵੀਪੀਰਾਵਿਰ, ਮੋਲਨੂਪੀਰਾਵਿਰ, ਓਸੇਲਟਾਮਿਵਿਰ ਅਤੇ ਰਿਬਾਵਿਰਿਨ ਸਮੇਤ ਕੁੱਲ 18 ਦਵਾਈਆਂ ਸ਼ਾਮਲ ਹਨ। ਐਂਟੀਪ੍ਰੋਟੋਜ਼ੋਅਲ ਵਿੱਚ ਨਾਈਟਾਜ਼ੌਕਸਾਨਾਈਡ ਦਵਾਈ 'ਤੇ ਵੀ ਰੋਕ ਲਗਾਈ ਗਈ ਹੈ।
ਉਲੰਘਣਾ ਕਰਨ 'ਤੇ ਸਜ਼ਾ ਅਤੇ ਜੁਰਮਾਨਾ
ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪਾਬੰਦੀ ਦੇ ਬਾਵਜੂਦ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ। ਜਾਨਵਰਾਂ ਦੀ ਵਰਤੋਂ ਲਈ ਬਾਜ਼ਾਰ ਵਿੱਚ ਇਨ੍ਹਾਂ ਦਵਾਈਆਂ ਦੇ ਕਈ ਸੁਰੱਖਿਅਤ ਬਦਲ ਉਪਲਬਧ ਹਨ।
ਕੇਂਦਰ ਦੇ ਹੁਕਮਾਂ ਮਗਰੋਂ ਕਈ ਰਾਜਾਂ ਦੇ ਅਧਿਕਾਰੀਆਂ ਨੇ ਕੈਮਿਸਟ ਦੁਕਾਨਾਂ, ਦਵਾਈ ਨਿਰਮਾਤਾਵਾਂ ਅਤੇ ਜ਼ਿਲ੍ਹਾ ਡਰੱਗ ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 22 ਮਈ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਸਨ। ਕੋਈ ਵੀ ਇਤਰਾਜ਼ ਪ੍ਰਾਪਤ ਨਾ ਹੋਣ 'ਤੇ ਹੁਣ ਇਨ੍ਹਾਂ ਦਵਾਈਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਅੰਤਿਮ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਮਨੁੱਖੀ ਸਿਹਤ ਅਤੇ ਆਉਣ ਵਾਲੇ ਸਮੇਂ ਵਿੱਚ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਬਚਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।
Get all latest content delivered to your email a few times a month.