ਤਾਜਾ ਖਬਰਾਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ (ਭਾਜਪਾ) ਦੇ ਕੰਮਕਾਜ ਬਾਰੇ ਵੱਡਾ ਬਿਆਨ ਦਿੱਤਾ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. (PTI) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਰਵੱਈਆ ਸਖ਼ਤ ਹੈ, ਜਦੋਂ ਕਿ ਕਾਂਗਰਸ ਪਾਰਟੀ ਇਸਦੇ ਮੁਕਾਬਲੇ ਜ਼ਿਆਦਾ ਲਚਕਦਾਰ ਹੈ ਅਤੇ ਸਲਾਹ-ਮਸ਼ਵਰੇ ਵਾਲਾ ਨਜ਼ਰੀਆ ਰੱਖਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਤੋਂ ਸਲਾਹ ਨਹੀਂ ਲਈ ਜਾਂਦੀ ਅਤੇ ਪਾਰਟੀ ਦੇ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ।
ਅਟਕਲਾਂ ਦਾ ਬਾਜ਼ਾਰ ਗਰਮ, ਕਾਂਗਰਸ 'ਚ ਵਾਪਸੀ ਤੋਂ ਇਨਕਾਰ
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਇਹ ਅਟਕਲਾਂ ਲੱਗਣ ਲੱਗੀਆਂ ਹਨ ਕਿ ਕੀ ਉਹ ਭਾਜਪਾ ਛੱਡਣ ਦੀ ਯੋਜਨਾ ਬਣਾ ਰਹੇ ਹਨ।
ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੇ ਸਵਾਲ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਉਸ ਦਾ ਦੁੱਖ ਉਹ ਅੱਜ ਵੀ ਮਹਿਸੂਸ ਕਰਦੇ ਹਨ। ਇਸ ਲਈ, ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਜ਼ਮੀਨੀ ਆਗੂਆਂ ਨਾਲ ਨਹੀਂ ਹੁੰਦੀ ਸਲਾਹ
ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਭਾਜਪਾ ਵਿੱਚ ਸਾਰੇ ਫੈਸਲੇ ਕੇਂਦਰ (ਦਿੱਲੀ) ਵਿੱਚ ਲਏ ਜਾਂਦੇ ਹਨ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ, "ਮੇਰੇ ਕੋਲ 60 ਸਾਲ ਦਾ ਸਿਆਸੀ ਤਜਰਬਾ ਹੈ, ਪਰ ਮੈਂ ਖੁਦ ਨੂੰ ਕਿਸੇ 'ਤੇ ਥੋਪ ਨਹੀਂ ਸਕਦਾ।"
ਹਾਲਾਂਕਿ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੀ.ਐਮ. ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਸਨੇਹ ਹੈ ਅਤੇ ਉਹ ਸੂਬੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇ ਉਹ ਸ਼੍ਰੋਮਣੀ ਅਕਾਲੀ ਦਲ (SAD) ਨਾਲ ਹੱਥ ਮਿਲਾ ਲਵੇ।
ਸਿੱਧੂ ਬਾਰੇ ਸਖ਼ਤ ਟਿੱਪਣੀ
ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ 'ਅਸਥਿਰ' ਦੱਸਿਆ। ਉਨ੍ਹਾਂ ਸਿੱਧੂ ਨੂੰ ਰਾਜਨੀਤੀ ਛੱਡ ਕੇ ਕ੍ਰਿਕਟ ਕਮੈਂਟਰੀ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ।
ਕੈਪਟਨ ਨੇ ਕਿਹਾ: "ਨਵਜੋਤ ਸਿੰਘ ਸਿੱਧੂ ਮੇਰੀ ਕੈਬਨਿਟ ਵਿੱਚ ਮੰਤਰੀ ਸਨ। ਉਨ੍ਹਾਂ ਨੂੰ ਦੋ ਪੋਰਟਫੋਲੀਓ ਦੇਣ ਦੇ ਬਾਵਜੂਦ ਉਹ ਲਗਾਤਾਰ ਸ਼ਿਕਾਇਤਾਂ ਕਰਦੇ ਰਹੇ। ਮੈਂ ਉਨ੍ਹਾਂ ਨੂੰ ਸ਼ਕਤੀਸ਼ਾਲੀ (Powerfull) ਪੋਰਟਫੋਲੀਓ ਵੀ ਦਿੱਤੇ, ਫਿਰ ਵੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਅਤੇ ਕਦੇ ਜ਼ਿੰਮੇਵਾਰੀ ਨਹੀਂ ਲਈ। ਉਨ੍ਹਾਂ ਦੀਆਂ ਫਾਈਲਾਂ ਮਹੀਨਿਆਂ ਤੱਕ ਪੈਂਡਿੰਗ ਪਈਆਂ ਰਹਿੰਦੀਆਂ ਸਨ। ਉਹ ਇਸ ਕੰਮ ਲਈ ਢੁਕਵੇਂ ਨਹੀਂ ਸਨ।"
Get all latest content delivered to your email a few times a month.