ਤਾਜਾ ਖਬਰਾਂ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਾਨਕਸ਼ਾਹੀ ਨਵੇਂ ਸਾਲ ਸੰਮਤ 558 ਦੇ ਮੌਕੇ ‘ਤੇ ਸੰਗਤ ਨੂੰ ਨਾਨਕਸ਼ਾਹੀ ਵਧਾਈਆਂ ਦਿੱਤੀਆਂ ਅਤੇ ਗੁਰੂ ਘਰਾਂ ਵਿੱਚ ਰਵਾਇਤੀ ਪਹਿਰਾਵੇ ਅਤੇ ਆਚਾਰ-ਵਿਹਾਰ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।
ਧਾਮੀ ਨੇ ਆਪਣੀ ਗੱਲਬਾਤ ਵਿੱਚ ਜ਼ੋਰ ਦਿਤਾ ਕਿ ਹਰ ਸੇਵਾਦਾਰ ਅਤੇ ਮੁਲਾਜ਼ਮ ਦੀ ਜ਼ਿੰਮੇਵਾਰੀ ਹੈ ਕਿ ਉਹ ਗੁਰੂ ਘਰਾਂ ਵਿੱਚ ਆਪਣੀ ਦਿੱਖ ਅਤੇ ਵਰਤਾਰਾ ਰਾਹੀਂ ਸਿੱਖ ਪਰੰਪਰਾਵਾਂ ਦੀ ਮਰਯਾਦਾ ਨੂੰ ਮਜ਼ਬੂਤ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਕਿ ਡਿਊਟੀ ਦੀ ਸ਼ੁਰੂਆਤ ਹਰ ਰੋਜ਼ ਸਮੂਹਿਕ ਤੌਰ ‘ਤੇ ਮੂਲ ਮੰਤਰ ਅਤੇ ਵਾਹਿਗੁਰੂ ਗੁਰਮੰਤਰ ਦੇ ਜਾਪ ਨਾਲ ਕੀਤੀ ਜਾਵੇ।
ਇਸ ਮੌਕੇ ਐਡਵੋਕੇਟ ਧਾਮੀ ਨੇ SGPC ਦੇ ਮੁਲਾਜ਼ਮਾਂ ਲਈ 1 ਅਪ੍ਰੈਲ ਤੋਂ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਸੁਖ-ਸਹੂਲਤਾਂ ਦਾ ਧਿਆਨ ਰੱਖਣਾ ਕਮੇਟੀ ਦੀ ਜ਼ਿੰਮੇਵਾਰੀ ਹੈ, ਪਰ ਸੰਗਤ ਅਤੇ ਸੰਸਥਾ ਦੀ ਮਾਣ-ਮਰਯਾਦਾ ਪ੍ਰਤੀ ਸਮਰਪਣ ਸਭ ਤੋਂ ਪਹਿਲਾਂ ਹੈ।
ਸ੍ਰੋਮਣੀ ਕਮੇਟੀ ਨੇ ਗੁਰੂ ਘਰਾਂ ਵਿੱਚ ਕੀਰਤਨ, ਅਰਦਾਸ ਅਤੇ ਕਥਾ ਵਿਚਾਰਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਮਨਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਕਥਾ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸ. ਜਸਮੇਰ ਸਿੰਘ ਲਾਛੜੂ, ਭਾਈ ਅਜੈਬ ਸਿੰਘ ਅਭਿਆਸੀ, ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਹਿਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਵਧੀਕ ਮੈਨੇਜਰ ਸ. ਬਿਕਰਮਜੀਤ ਸਿੰਘ ਝੰਗੀ ਸਮੇਤ ਹੋਰ ਮੁਲਾਜ਼ਮਾਂ ਅਤੇ ਸੰਗਤ ਹਾਜ਼ਰ ਸਨ।
SGPC ਦੇ ਪ੍ਰਧਾਨ ਨੇ ਅਰਦਾਸ ਕਰਕੇ ਅਕਾਲ ਪੁਰਖ ਤੋਂ ਮਨੁੱਖਤਾ ‘ਤੇ ਆਪਣੀ ਕਿਰਪਾ ਅਤੇ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜੀਊਣ ਦੀ ਪ੍ਰੇਰਣਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ।
Get all latest content delivered to your email a few times a month.