ਤਾਜਾ ਖਬਰਾਂ
ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਬਰਨਾਲਾ ਜ਼ਿਲ੍ਹੇ ਦੀ ਤਪਾ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਤਪਾ ਮੰਡੀ ਇਲਾਕੇ ਵਿੱਚ ਕੀਤੀ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 200 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਅੰਦਾਜ਼ੀ ਲਗਾਈ ਜਾ ਰਹੀ ਹੈ।
ਡੀਐਸਪੀ ਤਪਾ ਮੰਡੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਤਪਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਤਸਕਰ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਸਪਲਾਈ ਕਰਨ ਦੀ ਤਿਆਰੀ ਕਰ ਰਹੇ ਹਨ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਛਾਪੇਮਾਰੀ ਕੀਤੀ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਤਸਕਰ ਰਾਜਸਥਾਨ ਤੋਂ ਇੱਕ ਟਰੱਕ ਰਾਹੀਂ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਸਨ। ਉਨ੍ਹਾਂ ਦਾ ਇਕ ਸਾਥੀ ਇਸ ਨਸ਼ੇ ਨੂੰ ਟਰੱਕ ਤੋਂ ਉਤਾਰ ਕੇ ਸਵਿਫਟ ਕਾਰ ਵਿੱਚ ਰੱਖ ਕੇ ਅੱਗੇ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 200 ਕਿਲੋ ਭੁੱਕੀ ਚੂਰਾ ਪੋਸਤ ਦੇ ਨਾਲ ਇੱਕ ਟਰੱਕ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਡੀਐਸਪੀ ਮੁਤਾਬਕ ਮੁੱਖ ਦੋਸ਼ੀ ਮੋਹਨ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਹੰਡਿਆਇਆ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਉਸਦੇ ਖਿਲਾਫ ਪਹਿਲਾਂ ਹੀ ਕਰੀਬ 10 ਮਾਮਲੇ ਦਰਜ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਦੇ ਹੋਰ ਸਾਥੀਆਂ ਅਤੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਉਨ੍ਹਾਂ ਦੀ ਜਾਇਦਾਦ ਅਤੇ ਆਰਥਿਕ ਸਰੋਤਾਂ ਦੀ ਵੀ ਜਾਂਚ ਕਰ ਰਹੀ ਹੈ।
Get all latest content delivered to your email a few times a month.