ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਜ਼ਿਲ੍ਹਾ ਹੈੱਡਕੁਆਰਟਰ ਊਨਾ ਦੇ '84 ਪੌੜੀ' ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਵੀਰਵਾਰ ਨੂੰ ਅਵਾਰਾ ਕੁੱਤਿਆਂ ਨੇ ਇੱਕ ਮਾਸੂਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਕੁੱਤਿਆਂ ਦੇ ਝੁੰਡ ਨੇ ਬੱਚੀ 'ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਆਪਣੇ ਘਰ ਦੇ ਬਾਹਰ ਮੌਜੂਦ ਸੀ। ਕੁੱਤਿਆਂ ਨੇ ਬੱਚੀ ਦੇ ਸਰੀਰ ਨੂੰ ਕਈ ਜਗ੍ਹਾ ਤੋਂ ਬੁਰੀ ਤਰ੍ਹਾਂ ਖੁਰਚ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਕੁੱਤਿਆਂ ਨੇ ਬੱਚੀ ਨੂੰ ਘੇਰ ਕੇ ਨੋਚਣਾ ਸ਼ੁਰੂ ਕੀਤਾ, ਤਾਂ ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਗੁਆਂਢੀ ਤੁਰੰਤ ਮੌਕੇ 'ਤੇ ਪਹੁੰਚ ਗਏ। ਲੋਕਾਂ ਨੇ ਬੜੀ ਮੁਸ਼ਕਲ ਨਾਲ ਕੁੱਤਿਆਂ ਨੂੰ ਭਜਾ ਕੇ ਮਾਸੂਮ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਜੇਕਰ ਲੋਕ ਸਮੇਂ ਸਿਰ ਨਾ ਪਹੁੰਚਦੇ, ਤਾਂ ਕੋਈ ਵੱਡੀ ਅਣਹੋਣੀ ਵਾਪਰ ਸਕਦੀ ਸੀ। ਜ਼ਖਮੀ ਬੱਚੀ ਨੂੰ ਤੁਰੰਤ ਊਨਾ ਦੇ ਖੇਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਅਤੇ ਐਂਟੀ-ਰੇਬੀਜ਼ ਇੰਜੈਕਸ਼ਨ ਲਗਾਉਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ।
ਇਸ ਹਾਦਸੇ ਨੇ ਸਥਾਨਕ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੂਰੇ ਊਨਾ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਪ੍ਰਸ਼ਾਸਨ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ।
ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਮੁੱਖ ਸ਼ਹਿਰੀ ਖੇਤਰ ਵਿੱਚ ਵੀ ਬੱਚੇ ਅਤੇ ਆਮ ਲੋਕ ਸੁਰੱਖਿਅਤ ਨਹੀਂ ਹਨ, ਤਾਂ ਬਾਕੀ ਇਲਾਕਿਆਂ ਦੀ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਨੂੰ ਹਲਕੇ ਵਿੱਚ ਨਾ ਲਵੇ ਅਤੇ ਅਵਾਰਾ ਕੁੱਤਿਆਂ ਨੂੰ ਫੜਨ ਲਈ ਤੁਰੰਤ ਇੱਕ ਪ੍ਰਭਾਵਸ਼ਾਲੀ ਮੁਹਿੰਮ ਸ਼ੁਰੂ ਕਰੇ ਤਾਂ ਜੋ ਭਵਿੱਖ ਵਿੱਚ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।
Get all latest content delivered to your email a few times a month.