ਤਾਜਾ ਖਬਰਾਂ
12 ਜੂਨ, 2025 ਦੀ ਉਹ ਤਪਦੀ ਦੁਪਹਿਰ ਭਾਰਤੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਬਣ ਕੇ ਦਰਜ ਹੋਈ ਸੀ, ਜਦੋਂ 242 ਲੋਕਾਂ ਨੂੰ ਲੈ ਕੇ ਉੱਡੇ ਏਅਰ ਇੰਡੀਆ ਦੇ ਚਮਕਦੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਨੇ ਉਡਾਣ ਭਰਨ ਦੇ ਮਹਿਜ਼ 32 ਸਕਿੰਟਾਂ ਅੰਦਰ ਦਮ ਤੋੜ ਦਿੱਤਾ। ਹਵਾ ਵਿੱਚ ਜਹਾਜ਼ ਦੇ ਦੋਵੇਂ ਸ਼ਕਤੀਸ਼ਾਲੀ ਇੰਜਣ ਅਚਾਨਕ ਪੂਰੀ ਤਰ੍ਹਾਂ ਬੰਦ ਹੋ ਗਏ ਅਤੇ ਕਾਕਪਿਟ ਵਿੱਚ ਪਾਇਲਟਾਂ ਦੀਆਂ ਚੀਕਾਂ ਗੂੰਜ ਉੱਠੀਆਂ। ਅੱਜ ਉਸ ਭਿਆਨਕ ਹਾਦਸੇ ਨੂੰ ਪੂਰਾ ਇੱਕ ਸਾਲ ਬੀਤ ਚੁੱਕਾ ਹੈ, ਪਰ ਕੌਮਾਂਤਰੀ ਹਵਾਬਾਜ਼ੀ ਨਿਯਮਾਂ (ICAO Annex-13) ਦੀਆਂ ਧੱਜੀਆਂ ਉਡਾਉਂਦੇ ਹੋਏ, ਅੰਤਿਮ ਜਾਂਚ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਸਵਾਲ ਉੱਠ ਰਹੇ ਹਨ ਕਿ ਕੀ ਕਿਸੇ ਵੱਡੇ ਕਾਰਪੋਰੇਟ ਦਬਾਅ ਹੇਠ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਪਿਛਲੇ ਸਾਲ 12 ਜੂਨ ਨੂੰ ਏਅਰ ਇੰਡੀਆ ਦੀ ਫਲਾਈਟ AI-171 ਨੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰੀ ਸੀ। ਜਹਾਜ਼ ਵਿੱਚ 161 ਭਾਰਤੀ ਅਤੇ 53 ਬ੍ਰਿਟਿਸ਼ ਨਾਗਰਿਕਾਂ ਸਮੇਤ ਕੁੱਲ 230 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਜਹਾਜ਼ ਦੀ ਕਮਾਨ ਬੇਹੱਦ ਤਜਰਬੇਕਾਰ ਕੈਪਟਨ ਸੁਮੀਤ ਸੱਭਰਵਾਲ ਅਤੇ ਫਸਟ ਅਫਸਰ ਕਲਾਈਵ ਕੁੰਦਰ ਦੇ ਹੱਥਾਂ ਵਿੱਚ ਸੀ। ਪਰ ਰਨਵੇਅ ਛੱਡਣ ਦੇ ਮਹਿਜ਼ 32 ਸਕਿੰਟਾਂ ਬਾਅਦ, ਜਹਾਜ਼ ਅਹਿਮਦਾਬਾਦ ਦੇ ਬੀ.ਜੇ. ਮੈਡੀਕਲ ਕਾਲਜ ਦੇ ਹੋਸਟਲ ਬਲਾਕ 'ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਸਵਾਰ 241 ਲੋਕਾਂ ਅਤੇ ਜ਼ਮੀਨ 'ਤੇ ਮੌਜੂਦ 19 ਮਾਸੂਮਾਂ ਸਮੇਤ ਕੁੱਲ 260 ਜਾਨਾਂ ਸਵਾਹ ਹੋ ਗਈਆਂ ਸਨ।
ਹਾਦਸੇ ਦੇ ਇੱਕ ਮਹੀਨੇ ਬਾਅਦ, ਜੁਲਾਈ 2025 ਵਿੱਚ 'ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ' (AAIB) ਦੀ 15 ਪੰਨਿਆਂ ਦੀ ਸ਼ੁਰੂਆਤੀ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਡੇਟਾ ਤੋਂ ਪਤਾ ਲੱਗਿਆ ਕਿ ਹਵਾ ਵਿੱਚ ਹੀ ਜਹਾਜ਼ ਦੇ 'ਫਿਊਲ ਕੰਟਰੋਲ ਸਵਿੱਚ' ਅਚਾਨਕ 'ਰਨ' ਤੋਂ 'ਕਟਆਫ' ਮੋਡ 'ਤੇ ਆ ਗਏ ਸਨ, ਯਾਨੀ ਇੰਜਣਾਂ ਦੀ ਤੇਲ ਸਪਲਾਈ ਬੰਦ ਹੋ ਗਈ ਸੀ।
ਕਾਕਪਿਟ ਵੌਇਸ ਰਿਕਾਰਡਰ (CVR) ਦੀ ਰਿਕਾਰਡਿੰਗ ਵਿੱਚ ਇੱਕ ਪਾਇਲਟ ਦੂਜੇ ਨੂੰ ਪੁੱਛਦਾ ਹੈ, "ਤੁਸੀਂ ਬਾਲਣ ਸਪਲਾਈ ਕਿਉਂ ਕੱਟੀ?" ਤਾਂ ਦੂਜਾ ਤੁਰੰਤ ਜਵਾਬ ਦਿੰਦਾ ਹੈ, "ਮੈਂ ਅਜਿਹਾ ਬਿਲਕੁਲ ਨਹੀਂ ਕੀਤਾ!" ਇਸ ਆਡੀਓ ਦੇ ਆਧਾਰ 'ਤੇ ਅਮਰੀਕੀ ਮਾਹਰਾਂ ਅਤੇ ਅੰਤਰਰਾਸ਼ਟਰੀ ਮੀਡੀਆ (ਨਿਊਜ਼ਵੀਕ ਅਤੇ ਵਾਲ ਸਟਰੀਟ ਜਰਨਲ) ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਇਹ ਪਾਇਲਟ ਦੀ ਆਤਮਘਾਤੀ ਹਰਕਤ (Pilot Suicide) ਸੀ, ਤਾਂ ਜੋ ਨਿਰਮਾਤਾ ਕੰਪਨੀ ਨੂੰ ਕਲੀਨ ਚਿੱਟ ਦਿੱਤੀ ਜਾ ਸਕੇ।
ਭਾਰਤ ਵਿੱਚ ਲਗਭਗ 6,000 ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ 'ਫੈਡਰੇਸ਼ਨ ਆਫ ਇੰਡੀਅਨ ਪਾਇਲਟਸ' (FIP) ਨੇ ਇਸ ਥਿਊਰੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਫੈਡਰੇਸ਼ਨ ਦੇ ਪ੍ਰਧਾਨ ਕੈਪਟਨ ਸੀ.ਐਸ. ਰੰਧਾਵਾ ਨੇ ਦੋਸ਼ ਲਾਇਆ ਕਿ ਮਰ ਚੁੱਕੇ ਪਾਇਲਟਾਂ ਸਿਰ ਦੋਸ਼ ਮੜ੍ਹਨਾ ਨਿਰਮਾਣ ਕੰਪਨੀ ਨੂੰ ਬਚਾਉਣ ਦੀ ਇੱਕ ਸਾਜ਼ਿਸ਼ ਹੈ। ਇਸ ਦੌਰਾਨ ਕੈਪਟਨ ਸੁਮੀਤ ਦੇ 91 ਸਾਲਾ ਪਿਤਾ ਪੁਸ਼ਕਰ ਰਾਜ ਸੱਭਰਵਾਲ ਨੇ ਭਾਰਤ ਦੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੇਸ਼ ਦੀ ਸਰਵਉੱਚ ਅਦਾਲਤ ਨੇ ਸਖ਼ਤ ਹੁਕਮ ਦਿੱਤੇ ਕਿ ਜਾਂਚ ਪੂਰੀ ਹੋਣ ਤੱਕ ਫਲਾਈਟ ਕਰੂ ਨੂੰ 'ਬਲੀ ਦਾ ਬੱਕਰਾ' ਨਹੀਂ ਬਣਾਇਆ ਜਾ ਸਕਦਾ।
ਅਮਰੀਕਾ ਸਥਿਤ ਵ੍ਹਿਸਲਬਲੋਅਰ ਸੰਗਠਨ 'ਫਾਊਂਡੇਸ਼ਨ ਫਾਰ ਏਵੀਏਸ਼ਨ ਸੇਫਟੀ' ਦੇ ਮੁਖੀ ਐਡ ਪੀਅਰਸਨ ਨੇ ਅਜਿਹੇ ਦਸਤਾਵੇਜ਼ ਪੇਸ਼ ਕੀਤੇ, ਜੋ ਬੋਇੰਗ ਅਤੇ ਇੰਜਣ ਨਿਰਮਾਤਾ ਜੀ.ਈ. ਏਰੋਸਪੇਸ (GE Aerospace) ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੇ ਹਨ। ਇਸ ਥਿਊਰੀ ਮੁਤਾਬਕ, ਹਾਦਸਾਗ੍ਰਸਤ ਜਹਾਜ਼ (ਰਜਿਸਟ੍ਰੇਸ਼ਨ: VT-ANB) ਦਾ ਇਲੈਕਟ੍ਰੀਕਲ ਸਿਸਟਮ ਪਹਿਲਾਂ ਹੀ ਖ਼ਰਾਬ ਸੀ। ਉਡਾਣ ਭਰਨ ਵੇਲੇ ਜਹਾਜ਼ ਦੇ ਕੇਂਦਰੀ ਕੰਪਿਊਟਰ (Core Network) ਵਿੱਚ ਇੱਕ ਵੱਡੀ ਇਲੈਕਟ੍ਰੀਕਲ ਅਸਫਲਤਾ ਹੋਈ, ਜਿਸ ਕਾਰਨ ਸਿਸਟਮ ਰੀਬੂਟ ਹੋ ਗਿਆ। ਇਸ ਰੀਬੂਟ ਨੇ ਸਾਫਟਵੇਅਰ ਨੂੰ ਭੁਲੇਖਾ ਪਾ ਦਿੱਤਾ ਕਿ ਜਹਾਜ਼ ਹਾਲੇ ਵੀ ਜ਼ਮੀਨ 'ਤੇ ਹੈ ਅਤੇ ਹਾਈ ਥ੍ਰਸਟ ਨੂੰ ਖ਼ਤਰਾ ਮੰਨ ਕੇ ਕੰਪਿਊਟਰ ਨੇ ਖ਼ੁਦ ਹੀ ਦੋਵਾਂ ਇੰਜਣਾਂ ਦੀ ਤੇਲ ਸਪਲਾਈ ਕੱਟ ਦਿੱਤੀ।
ਇਸ ਦਾ ਸਭ ਤੋਂ ਵੱਡਾ ਸਬੂਤ ਜਹਾਜ਼ ਦਾ 'ਰੈਮ ਏਅਰ ਟਰਬਾਈਨ' (RAT) ਹੈ, ਜੋ ਮੁੱਖ ਪਾਵਰ ਫੇਲ੍ਹ ਹੋਣ 'ਤੇ ਖੁੱਲ੍ਹਦਾ ਹੈ। ਸੀਸੀਟੀਵੀ ਵਿੱਚ RAT ਇੰਜਣ ਬੰਦ ਹੋਣ ਦੇ 5 ਸਕਿੰਟਾਂ ਅੰਦਰ ਖੁੱਲ੍ਹਦਾ ਦਿਖਾਈ ਦਿੱਤਾ, ਜਦੋਂ ਕਿ ਬੋਇੰਗ 787 ਦੇ ਸਿਮੂਲੇਟਰ ਮੁਤਾਬਕ ਇਸ ਨੂੰ ਖੁੱਲ੍ਹਣ ਵਿੱਚ 14 ਤੋਂ 18 ਸਕਿੰਟ ਲੱਗਦੇ ਹਨ। ਇਸ ਤੋਂ ਸਾਫ਼ ਹੈ ਕਿ ਤਕਨੀਕੀ ਖ਼ਰਾਬੀ ਬਾਲਣ ਸਵਿੱਚ ਬੰਦ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ।
ਇਸ ਭਿਆਨਕ ਤਬਾਹੀ ਵਿੱਚੋਂ 40 ਸਾਲਾ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਚਮਤਕਾਰੀ ਢੰਗ ਨਾਲ ਜ਼ਿੰਦਾ ਬਚ ਨਿਕਲਿਆ। ਉਹ ਸੀਟ ਨੰਬਰ 11A (ਐਮਰਜੈਂਸੀ ਐਗਜ਼ਿਟ ਕਤਾਰ) 'ਤੇ ਬੈਠਾ ਸੀ। ਟੱਕਰ ਦੇ ਸਮੇਂ ਜਹਾਜ਼ ਦਾ ਮੁੱਖ ਹਿੱਸਾ ਕਤਾਰ 11 ਦੇ ਬਿਲਕੁਲ ਸਾਹਮਣੇ ਤੋਂ ਦੋ ਹਿੱਸਿਆਂ ਵਿੱਚ ਟੁੱਟ ਗਿਆ, ਜਿਸ ਕਾਰਨ ਅੱਗੇ ਬੈਠੇ ਲੋਕ ਤਾਂ ਕੁਚਲੇ ਗਏ, ਪਰ ਵਿਸ਼ਵਾਸ ਵਾਲਾ ਹਿੱਸਾ ਭਿਆਨਕ ਪ੍ਰਭਾਵ ਤੋਂ ਬਚ ਗਿਆ। ਕੈਬਿਨ ਦੀ ਕੰਧ ਦੇ ਇੱਕ ਟੁਕੜੇ ਨੇ ਅੱਗ ਦੀਆਂ ਲਪਟਾਂ ਨੂੰ ਰੋਕ ਲਿਆ ਅਤੇ ਵਿਸ਼ਵਾਸ ਮਾਮੂਲੀ ਸੱਟਾਂ ਨਾਲ ਬਾਹਰ ਨਿਕਲ ਆਇਆ। ਹਾਲਾਂਕਿ, ਉਸ ਦਾ ਛੋਟਾ ਭਰਾ ਅਜੈ ਕੁਮਾਰ ਰਮੇਸ਼ (ਸੀਟ 11J) ਇਸ ਹਾਦਸੇ ਵਿੱਚ ਮਾਰਿਆ ਗਿਆ। ਵਿਸ਼ਵਾਸ ਹੁਣ ਇੰਗਲੈਂਡ ਵਿੱਚ ਗੰਭੀਰ ਮਾਨਸਿਕ ਸਦਮੇ ਨਾਲ ਜੂਝ ਰਿਹਾ ਹੈ ਅਤੇ ਉਸ ਦੇ ਵਕੀਲ ਰੈਡ ਸੀਗਰ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਬੋਇੰਗ ਅਤੇ ਏਅਰ ਇੰਡੀਆ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ।
ਜਾਂਚ ਦੀ ਪਾਰਦਰਸ਼ਤਾ 'ਤੇ ਉਦੋਂ ਵੱਡੇ ਸਵਾਲ ਖੜ੍ਹੇ ਹੋ ਗਏ, ਜਦੋਂ ਇਸੇ ਸਾਲ ਜਨਵਰੀ ਵਿੱਚ AAIB ਦੇ ਸਭ ਤੋਂ ਸੀਨੀਅਰ ਬੋਇੰਗ 787 ਮਾਹਰ, ਕੈਪਟਨ ਆਰ.ਐਸ. ਸੰਧੂ ਨੇ ਅਧਿਕਾਰੀਆਂ ਨਾਲ ਮਤਭੇਦਾਂ ਕਾਰਨ ਜਾਂਚ ਕਮੇਟੀ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਦਿੱਤਾ।
ਦੂਜੇ ਪਾਸੇ, ਏਅਰ ਇੰਡੀਆ ਪੀੜਤ ਪਰਿਵਾਰਾਂ ਨੂੰ 10 ਤੋਂ 20 ਲੱਖ ਰੁਪਏ ਦਾ ਵਾਧੂ ਮੁਆਵਜ਼ਾ ਦੇ ਰਹੀ ਹੈ, ਪਰ ਇਸ ਦੇ ਬਦਲੇ ਉਨ੍ਹਾਂ ਕੋਲੋਂ ਇੱਕ 'ਮੁਆਵਜ਼ੇ ਦੀ ਧਾਰਾ' (Liability Waiver) 'ਤੇ ਦਸਤਖਤ ਕਰਵਾਏ ਜਾ ਰਹੇ ਹਨ। ਇਸ ਸ਼ਰਤ ਮੁਤਾਬਕ, ਪੈਸੇ ਲੈਣ ਤੋਂ ਬਾਅਦ ਪਰਿਵਾਰ ਅਮਰੀਕਾ ਜਾਂ ਯੂਕੇ ਦੀਆਂ ਅਦਾਲਤਾਂ ਵਿੱਚ ਬੋਇੰਗ ਜਾਂ ਏਅਰ ਇੰਡੀਆ 'ਤੇ ਕੇਸ ਨਹੀਂ ਕਰ ਸਕਣਗੇ। ਵਕੀਲਾਂ ਨੇ ਇਸ ਨੂੰ ਇੱਕ ਘਿਨਾਉਣੀ ਚਾਲ ਦੱਸਿਆ ਹੈ, ਕਿਉਂਕਿ 1999 ਦੇ ਮਾਂਟਰੀਅਲ ਕਨਵੈਨਸ਼ਨ ਤਹਿਤ ਜੇਕਰ ਤਕਨੀਕੀ ਨੁਕਸ ਸਾਬਤ ਹੋ ਜਾਂਦਾ ਹੈ, ਤਾਂ ਏਅਰਲਾਈਨ ਦੀ ਦੇਣਦਾਰੀ ਅਸੀਮਤ ਹੋ ਜਾਵੇਗੀ ਅਤੇ ਉਸ ਨੂੰ ਹਰਜਾਨੇ ਵਜੋਂ ਅਰਬਾਂ ਰੁਪਏ ਦੇਣੇ ਪੈਣਗੇ।
ਕਾਰਪੋਰੇਟ ਘਰਾਣੇ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਕੇ ਅਤੇ ਲਾਬਿੰਗ ਕਰਕੇ ਸੱਚਾਈ ਨੂੰ ਕੁਝ ਸਮੇਂ ਲਈ ਜ਼ਰੂਰ ਦਬਾ ਸਕਦੇ ਹਨ, ਪਰ ਉਸ ਦੁਪਹਿਰ ਨੂੰ ਸੁਆਹ ਹੋਈਆਂ 260 ਬੇਗੁਨਾਹ ਜਾਨਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।
Get all latest content delivered to your email a few times a month.