2022-12-18 08:14:16 ( ਖ਼ਬਰ ਵਾਲੇ ਬਿਊਰੋ )
ਪੋਹ ਚੜ੍ਹਦਿਆਂ ਹੀ ਕਰਤਾਰ ਸਿੰਘ ਬਲੱਗਣ ਜੀ ਦੇ ਇਹ ਦੋ ਗੀਤ ਹਿੱਕ ਤੇ ਸਵਾਰ ਹੋ ਜਾਂਦੇ ਨੇ। ਬਚਪਨ ਤੋਂ ਹੀ ਅਮਰਜੀਤ ਗੁਰਦਾਸਪੁਰੀ ਜੀ ਦੇ ਕੰਠ ਤੋਂ ਸੁਣਦੇ ਰਹੇ ਹਾਂ।
ਬਲੱਗਣ ਜੀ ਵੱਡੇ ਸ਼ਾਇਰ ਸਨ ਤੇ ਗੁਰਦਾਸਪੁਰੀ ਵੱਡਾ ਗਵੱਈਆ। ਇੱਕ ਨੇ ਲਿਖੇ, ਦੂਜੇ ਨੇ ਗਾਏ। ਵਿੱਚ ਵਿਚਕਾਰ ਕੋਈ ਨਹੀਂ।
ਗੁਰਦਾਸਪੁਰੀ ਜੀ ਦੱਸਦੇ ਸਨ ਕਿ ਕਲਕੱਤੇ ਦਸ਼ਮੇਸ਼ ਪਿਤਾ ਜੀ ਦੇ ਗੁਰਪੁਰਬ ਤੇ ਜਾਂਦਿਆਂ ਰੇਲ ਗੱਡੀ ਚ ਹੀ ਗੀਤ ਲਿਖੇ, ਤਰਜ਼ ਬਣੀ ਤੇ ਕਲਕੱਤੇ ਪਹਿਲੀ ਵਾਰ ਗਾਏ ਇਹ ਗੀਤ। ਇਸ ਗੱਲ ਦੀ ਗਵਾਹੀ ਸਵਃ ਪੰਜਾਬੀ ਕਵੀ ਸਃ ਹਰਦੇਵ ਸਿੰਘ ਗਰੇਵਾਲ ਜੀ ਨੇ ਭਰੀ ਜੋ ਸੰਗਤ ਚ ਹਾਜ਼ਰ ਸਨ।
ਇਤਿਹਾਸ ਦੀ ਖਿੜਕੀ ਖੋਲ੍ਹਦੇ ਦਰਦ ਸੰਵੇਦਨਾ ਨਾਲ ਪਰੁੱਚੇ ਇਹ ਦੋਵੇਂ ਗੀਤ ਤੁਸੀਂ ਵੀ ਪੜ੍ਹੋ।
ਗਿਆਨੀ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਤੇ ਹਰਭਜਨ ਮਾਨ ਇਨ੍ਹਾਂ ਗੀਤਾਂ ਦੇ ਕਦਰਦਾਨ ਹਨ। ਮੈਥੋਂ ਅਕਸਰ ਸੁਣਦੇ ਹਨ।
ਮੇਰੀ ਜੀਵਨ ਡੋਰ ਚ ਪਰੁੱਚੇ ਇਹ ਗੀਤ ਤੁਹਾਡੇ ਲਈ ਹਾਜ਼ਰ ਹਨ।
ਗੁਰਭਜਨ ਗਿੱਲ
1.
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।
ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ ।
ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ ।
ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ ।
ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ ।
ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ ।
ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ ।
2.
ਸਿੰਘਾ ਜੇ ਚੱਲਿਆ ਚਮਕੌਰ
ਸਿੰਘਾ ਜੇ ਚੱਲਿਆ ਚਮਕੌਰ ।
ਓਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ ।
ਤੇਰੀ ਜਿੰਦੜੀ ਜਾਊ ਸੌਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਜੇ ਚੱਲਿਆ ਸਰਹੰਦ ।
ਓਥੇ ਉੱਸਰੀ ਖ਼ੂਨੀ ਕੰਧ ।
ਜਿਸ ਵਿਚ ਲੇਟੇ ਨੀ ਦੋ ਚੰਦ ।
ਕਲਗੀਵਾਲੇ ਦੇ ਨੇ ਫਰਜ਼ੰਦ ।
ਦਰਸ਼ਨ ਪਾ ਕੇ ਹੋਈਂ ਅਨੰਦ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ ।
ਓਥੇ ਵਗਦੀ ਊ ਸਰਸਾ ਨਹਿਰ ।
ਆਖੀਂ ਪੈ ਜੇ ਤੈਨੂੰ ਕਹਿਰ ।
ਤੇਰੇ ਪਾਣੀ ਦੇ ਵਿਚ ਜ਼ਹਿਰ ।
ਕੀਤਾ ਨਾਲ ਗੁਰਾਂ ਦੇ ਵੈਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।
ਸਿੰਘਾ ਚੱਲਿਆਂ ਮਾਛੀਵਾੜੇ ।
ਓਥੇ ਆਖੀਂ ਕਰ ਕਰ ਹਾੜੇ ।
ਤੇਰੇ ਫੁੱਟ ਨੇ ਬਾਗ ਉਜਾੜੇ ।
ਤੇਰੇ ਬਾਝ ਨਾ ਮੁਕਣ ਪੁਆੜੇ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ