2023-03-22 17:42:50 ( ਖ਼ਬਰ ਵਾਲੇ ਬਿਊਰੋ )
ਇਸਲਾਮਾਬਾਦ— ਪਾਕਿਸਤਾਨ ਦੇ ਕਈ ਹਿੱਸਿਆਂ 'ਚ ਮੰਗਲਵਾਰ ਨੂੰ 6.8 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 160 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਦੀ ਆਨਲਾਈਨ ਪ੍ਰੈੱਸ ਏਜੰਸੀ ਮੁਤਾਬਕ ਅਫਗਾਨਿਸਤਾਨ 'ਚ ਭੂਚਾਲ ਕਾਰਨ 3 ਲੋਕਾਂ ਦੀ ਜਾਨ ਚਲੀ ਗਈ। ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ 'ਚ 180 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭਾਰਤ ਵਿੱਚ ਭੂਚਾਲ ਦੇ ਝਟਕੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ।
ਵਿਭਾਗ ਮੁਤਾਬਕ ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਕਵੇਟਾ, ਪੇਸ਼ਾਵਰ, ਲੱਕੀ ਮਰਵਤ, ਗੁਜਰਾਂਵਾਲਾ, ਗੁਜਰਾਤ, ਸਿਆਲਕੋਟ, ਕੋਟ ਮੋਮਿਨ, ਮਧ ਰਾਂਝਾ, ਚਕਵਾਲ, ਕੋਹਾਟ ਅਤੇ ਗਿਲਗਿਤ-ਬਾਲਟਿਸਤਾਨ ਦੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਟੈਲੀਵਿਜ਼ਨ ਫੁਟੇਜ 'ਚ ਲੋਕ ਡਰ ਦੇ ਮਾਰੇ ਸੜਕਾਂ 'ਤੇ ਨਿਕਲਦੇ ਦਿਖਾਈ ਦਿੱਤੇ। ਪੇਸ਼ਾਵਰ ਵਿੱਚ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਟਵੀਟ ਕੀਤਾ ਕਿ ਖੈਬਰ-ਪਖਤੂਨਖਵਾ ਸੂਬੇ ਵਿੱਚ ਪੰਜ ਮਰਦ, ਦੋ ਮਹਿਲਾਵਾਂ ਅਤੇ ਦੋ ਬੱਚਿਆਂ ਸਮੇਤ ਨੌਂ ਲੋਕ ਮੌਤ ਹੋ ਗਈ।