2023-03-23 09:59:49 ( ਖ਼ਬਰ ਵਾਲੇ ਬਿਊਰੋ )
ਗ਼ਜ਼ਲ- ਗੁਰਭਜਨ ਗਿੱਲ
ਬਲ਼ਦੀ ਜਿਉਂ ਪਰਚੰਡ ਜਵਾਲਾ, ਪਾਸ਼ ਕੋਈ ਅਵਤਾਰ ਨਹੀਂ ਸੀ।
ਜਿੰਨਾ ਵੀ ਸੀ ਲਟ ਲਟ ਬਲ਼ਿਆ, ਉਹ ਕੱਲ੍ਹਾ ਇਕਰਾਰ ਨਹੀਂ ਸੀ।
ਜਦ ਵੀ ਆਉਂਦਾ ਵਾਂਗ ਹਨ੍ਹੇਰੀ, ਝੱਖੜ ਵਾਂਗੂੰ ਝੁੱਲ ਜਾਂਦਾ ਉਹ,
ਤਿੱਖੀ ਤੇਜ਼ ਨਜ਼ਰ ਦਾ ਸਾਂਈਂ, ਉਹ ਧਰਤੀ ਤੇ ਭਾਰ ਨਹੀਂ ਸੀ।
ਅੱਥਰੂ ਨਹੀਂ ਸੀ, ਹਾਉਕਾ ਵੀ ਨਾ, ਉਹ ਸੀ ਬਿਖੜਾ ਸਫ਼ਰ ਨਿਰੰਤਰ,
ਉਸ ਦੇ ਸ਼ਬਦ ਕੋਸ਼ ਵਿੱਚ ਲਿਖਿਆ, ਇੱਕ ਵਾਰੀ ਵੀ ਹਾਰ ਨਹੀਂ ਸੀ।
ਵਿਧ ਮਾਤਾ ਤੋਂ ਮਰਨ ਦਿਹਾੜਾ, ਉਸ ਨੇ ਲਾਗੇ ਬਹਿ ਲਿਖਵਾਇਆ,
ਤੇਈ ਮਾਰਚ ਤੋਂ ਵੱਧ ਸੋਹਣਾ, ਹੋਰ ਕੋਈ ਤਿੱਥ ਵਾਰ ਨਹੀਂ ਸੀ।
ਉਸ ਦਾ ਜਾਣਾ ਏਦਾਂ ਲੱਗਿਆ ਜਿਉਂ ਕਲਬੂਤੋਂ ਰੂਹ ਉੱਡ ਜਾਵੇ,
ਜਿਸ ਦਿਨ ਮਾਰ ਉਡਾਰੀ ਉੱਡਿਆ, ਕੰਬੀ ਕਿਹੜੀ ਤਾਰ ਨਹੀਂ ਸੀ।
ਹੰਸ ਰਾਜ* ਚੱਲ ਨ੍ਹਾਵਣ ਚੱਲੀਏ, ਲੈ ਕੇ ਤੁਰਿਆ ਵਾਂਗ ਭਰਾਵਾਂ,
ਨਾਲ ਸਵਾਸਾਂ ਨਿਭਣੇਹਾਰਾ, ਉਸ ਤੋਂ ਪੱਕਾ ਯਾਰ ਨਹੀਂ ਸੀ।
ਸਾਲਮ ਸੂਰਾ ਸ਼ਬਦ ਬਾਣ ਸੀ, ਵੈਰੀ ਵਿੰਨ੍ਹਦਾ ਲਿਖ ਕਵਿਤਾਵਾਂ,
ਵੇਖਣ ਨੂੰ ਉਸ ਦੇ ਹੱਥ ਭਾਵੇਂ, ਤਿੱਖੀ ਤੇਜ਼ ਕਟਾਰ ਨਹੀਂ ਸੀ।
▪️
*ਲੋਕ ਕਵੀ ਪਾਸ਼ ਦਾ ਬਾਲ ਸਖਾਈ ਮਿੱਤਰ ਜੋ ਉਹਦੇ ਨਾਲ ਤੇਈ ਮਾਰਚ 1988 ਨੂੰ ਤਲਵੰਡੀ ਸਲੇਮ(ਜਲੰਧਰ) ਵਿੱਚ ਕਤਲ ਹੋਇਆ ਸੀ।