2023-05-27 18:25:08 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ 27 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੇਟੀ ਨਵਰੀਤ ਕੌਰ ਨੇ 87% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉੱਥੇ ਹੀ ਕਿਰਨਜੀਤ ਕੌਰ ਨੇ 83% ਅੰਕ, ਕਿਰਨਜੀਤ ਕੌਰ ਨੇ 82% ਅਤੇ ਅੰਜਲੀ ਨੇ 81% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਅਤੇ ਸਕੂਲ, ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਗੁਨਿੰਦਰਜੀਤ ਕੌਰ ਨੇ ਸਕੂਲ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਲਈ ਬੇਟੀ ਨਵਰੀਤ ਕੌਰ ਦਾ ਮੂੰਹ ਮਿੱਠਾ ਕਰਾਇਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਸ ਦੀ ਮਾਤਾ ਗੁਰਪਿੰਦਰ ਕੌਰ ਤੇ ਪਿਤਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੂੰ ਵਧਾਈ ਦਿੱਤੀ। ਡਾ. ਕਸ਼ਮੀਰ ਸਿੰਘ ਖੁੰਡਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਰਾਹ ਚੁਣਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਕਿਹਾ। ਇਸ ਮੌਕੇ 'ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ, ਪ੍ਰਤਿਭਾਸ਼ਾਲੀ ਲੜਕੀ ਨਵਰੀਤ ਕੌਰ ਨੇ ਕਿਹਾ ਕਿ ਉਹ ਕਿਸੇ ਬਹਾਨੇ ਵਿਦੇਸ਼ ਨਹੀਂ ਜਾਣਾ ਚਾਹੇਗੀ ਪਰ ਉਹ ਆਪਣੇ ਪਰਿਵਾਰ ਅਤੇ ਪੰਜਾਬ ਵਿਚ ਰਹਿ ਕੇ ਅਤੇ ਸਿਵਲ ਸੇਵਾ ਲਈ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਨ੍ਹਾਂ ਭਵਿੱਖ ਲਈ ਮਾਰਗਦਰਸ਼ਨ ਕਰਨ ਅਤੇ ਹੌਂਸਲਾ ਵਧਾਉਣ ਲਈ ਸਕੂਲ ਪ੍ਰਿੰ. ਗੁਨਿੰਦਰਜੀਤ ਕੌਰ, ਸਕੂਲ ਲੈਕਚਰਾਰ ਡਾ. ਖੁੰਡਾ, ਸ੍ਰੀਮਤੀ ਮਨਜੀਤ ਕੌਰ, ਸਤਿੰਦਰ ਕੌਰ ਜੀ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ।
ਕੈਪਸ਼ਨ : ਨਵਰੀਤ ਕੌਰ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਸਕੂਲ ਪ੍ਰਿੰਸੀਪਲ ਗੁਨਿੰਦਰਜੀਤ ਕੌਰ, ਡਾ: ਕਸ਼ਮੀਰ ਸਿੰਘ ਖੁੰਡਾ, ਪ੍ਰੋ. ਸਰਚਾਂਦ ਸਿੰਘ, ਗੁਰਪਿੰਦਰ ਕੌਰ ਤੇ ਹੋਰ।