IMG-LOGO
ਹੋਮ ਪੰਜਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ...

ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ, ਜੰਡਿਆਲਾ ਗੁਰੂ, ਬਾਬਾ ਬਕਾਲਾ ਅਤੇ ਤਰਨਤਾਰਨ 'ਚ ਕੀਤਾ ਵੱਡਾ...

Admin User - May 25, 2024 09:58 PM
IMG

.

ਤਰਨਤਾਰਨ/ਚੰਡੀਗੜ੍ਹ, 25 ਮਈ: ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਲਾਲਜੀਤ ਭੁੱਲਰ ਦੇ ਨਾਲ ਜੰਡਿਆਲਾ ਗੁਰੂ, ਬਾਬਾ ਬਕਾਲਾ ਅਤੇ ਤਰਨ ਤਾਰਨ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਸਮਰਥਕਾਂ ਅਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਅਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਓ,ਅਗਲੇ ਤਿੰਨ ਸਾਲਾਂ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣ ਲਈ ਦੁੱਗਣੀ ਮਿਹਨਤ ਕਰਾਂਗਾ।

ਮਾਨ ਨੇ ਕਿਹਾ ਕਿ ਮਾਝੇ ਦੀ ਤਾਕਤ ਲਾਲਜੀਤ ਭੁੱਲਰ ਨੂੰ ਜਿਤਾ ਕੇ ਦਿੱਲੀ ਭੇਜੋ। ਤੁਸੀਂ ਏਕਤਾ ਬਣਾਈ ਰੱਖੋ, ਆਪਣੀ ਵੋਟ ਬਰਬਾਦ ਨਾ ਕਰਨਾ । ਮਾਨ ਨੇ ਕਿਹਾ ਕਿ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਓ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਦੀ ਸਰਕਾਰ ਬਣੀ ਹੈ। ਤੁਹਾਡੇ ਵੱਲੋਂ ਦਿੱਤੀ ਗਈ ਹਰ ਇੱਕ ਵੋਟ ਸਿੱਧੀ ਮੈਨੂੰ ਪਵੇਗੀ, ਫਿਰ ਮੈਂ ਪੰਜਾਬ ਦੇ ਵਿਕਾਸ ਲਈ ਦੁੱਗਣੀ ਮਿਹਨਤ ਕਰਾਂਗਾ।

ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਬਾਦਲ ਪਰਿਵਾਰ ਅਤੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਾਰ ਊਠ ਪਹਾੜ ਦੇ ਹੇਠਾਂ ਆਇਆ ਹੈ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਆਪਣੇ ਚੋਣ ਪੋਸਟਰਾਂ 'ਤੇ 'ਤੁਹਾਡੀ ਆਪਣੀ ਉਮੀਦਵਾਰ' ਲਿਖਿਆ ਕਰਦੀ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਡਰ ਕਾਰਨ ਉਨ੍ਹਾਂ ਨੇ 'ਉਮੀਦਵਾਰ' ਦੀ ਥਾਂ 'ਨਿਮਾਣੀ ਸੇਵਾਦਾਰ' ਲਿਖਿਆ ਹੈ।

ਮਾਨ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. 'ਚ ਰਹਿਣ ਵਾਲੇ ਲੋਕ ਹਨ। ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਮੈਂ ਅੱਜ ਤੱਕ ਉਨ੍ਹਾਂ ਨੂੰ ਸੰਸਦ ਵਿੱਚ ਨਹੀਂ ਦੇਖਿਆ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?

ਮਾਨ ਨੇ ਵਿਰੋਧੀ ਪਾਰਟੀਆਂ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਮਿਲ ਕੇ ਪੰਜਾਬ ਨੂੰ ਦਹਾਕਿਆਂ ਤੱਕ ਲੁੱਟਿਆ ਅਤੇ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾਏ। ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਸੀ, ਇਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਅੱਗੇ ਤੋਰਿਆ। ਹੁਣ ਮੈਂ ਇਨ੍ਹਾਂ ਲੋਕਾਂ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਬਾਹਰ ਕੱਢ ਦਿਆਂਗਾ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਪੰਜਾਬ ਵਿੱਚੋਂ ਅਕਾਲੀ ਦਲ (ਬਾਦਲ), ਭਾਜਪਾ ਅਤੇ ਕਾਂਗਰਸ ਨੂੰ ਖ਼ਤਮ ਨਹੀਂ ਕਰ ਦਿੰਦਾ।

ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਲੋਕ ਹਰ ਰੋਜ਼ ਸਵੇਰੇ ਉੱਠ ਕੇ ਮੈਨੂੰ ਬੁਰਾ ਬੋਲਦੇ ਹਨ। ਹੁਣ ਉਨ੍ਹਾਂ ਦਾ ਇਹੀ ਕੰਮ ਬਚਿਆ ਹੈ। ਜਦੋਂ ਕਿ ਮੈਂ ਪੰਜਾਬ ਦੇ ਵਿਕਾਸ ਲਈ ਨਿੱਤ ਨਵੇਂ ਕੰਮ ਕਰਦਾ ਹਾਂ ਅਤੇ ਫ਼ੈਸਲੇ ਲੈਂਦਾ ਹਾਂ ਤਾਂ ਜੋ ਪੰਜਾਬ ਮੁੜ ਰੰਗਲਾ ਬਣ ਸਕੇ। 

ਉਨ੍ਹਾਂ ਕਿਹਾ ਕਿ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਾਹ ਛੱਡ ਦਿੱਤਾ ਹੈ। ਮੈਂ ਬੱਸਾਂ, ਕਾਰੋਬਾਰ, ਢਾਬੇ ਅਤੇ ਹੋਟਲਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ। 

ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦੋ ਸਾਲਾਂ ਵਿੱਚ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਅਤੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅਸੀਂ ਤੁਹਾਡੇ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਕਰ ਦਿੱਤਾ, ਕਿਸਾਨਾਂ ਨੂੰ ਦਿਨ ਦੇ ਸਮੇਂ ਸਿੰਚਾਈ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਅਤੇ ਪੰਜਾਬ ਵਿੱਚ ਪਾਣੀ ਬਚਾਉਣ ਲਈ 59% ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ। ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਦੇਸ਼ ਵਿੱਚ ਪਹਿਲੀ ਵਾਰ ਇੱਕ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦਿਆ, ਜਿਸ ਕਾਰਨ ਹੁਣ ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਹੈ।

ਮਾਨ ਨੇ ਕਿਹਾ ਕਿ ਜਲਦ ਹੀ ਮੈਂ ਪੰਜਾਬ ਦੀਆਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ ਵੀ ਪੂਰੀ ਕਰਾਂਗਾ। ਇਸ ਦੇ ਲਈ ਮੈਂ ਪੂਰਾ ਹਿਸਾਬ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਤਾਂ ਸਿਰਫ਼ 21 ਫ਼ੀਸਦੀ ਖੇਤਾਂ ਨੂੰ ਹੀ ਨਹਿਰੀ ਪਾਣੀ ਮਿਲ ਰਿਹਾ ਸੀ। ਅਕਤੂਬਰ ਤੱਕ 70 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ।

ਲਾਲਜੀਤ ਭੁੱਲਰ ਨੇ ਕਿਹਾ - ਤੁਸੀਂ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਤਵਾ ਦਿੱਤਾ ਸੀ, ਇਸ ਵਾਰ ਆਪਣੇ ਭਰਾ ਨੂੰ ਜਿੱਤਾ ਕੇ ਸੰਸਦ ਵਿੱਚ ਭੇਜੋ, ਤੁਹਾਡਾ ਭਰਾ ਹਮੇਸ਼ਾ ਤੁਹਾਡੇ ਸੇਵਾ ਲਈ ਹਾਜ਼ਰ ਰਹੇਗਾ 

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਤੁਸੀਂ ਮੈਨੂੰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ। ਇਸ ਪਿਆਰ ਅਤੇ ਸਤਿਕਾਰ ਦਾ ਮੁੱਲ ਮੈਂ ਸੰਸਦ ਮੈਂਬਰ ਬਣ ਕੇ ਕੇਂਦਰ ਸਰਕਾਰ ਤੋਂ ਇਲਾਕੇ ਦੇ ਵਿਕਾਸ ਲਈ ਫ਼ੰਡ ਲਿਆ ਕੇ ਉਤਾਰਾਂਗਾ। ਭੁੱਲਰ ਨੇ ਕਿਹਾ ਕਿ ਤੁਸੀਂ 2022 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਤਵਾ ਦਿੱਤਾ ਹੈ, ਇਸ ਵਾਰ ਆਪਣੇ ਭਰਾ ਨੂੰ ਜਿੱਤਾ ਕੇ ਸੰਸਦ 'ਚ ਭੇਜੋ, ਤੁਹਾਡਾ ਭਰਾ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਰਹੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.