ਤਾਜਾ ਖਬਰਾਂ
ਸ. ਜਗਦੇਵ ਸਿੰਘ ਜੰਸੋਵਾਲ ਜੀ ਦਾ ਅੱਜ 90ਵਾਂ ਜਨਮ ਦਿਨ ਹੈ। 🟢ਗੁਰਭਜਨ ਗਿੱਲ
ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਸ, ਜਗਦੇਵ ਸਿੰਘ ਜੱਸੋਵਾਲ। ਅੱਜ ਉਸ ਦਾ 90ਵਾਂ ਜਨਮ ਦਿਨ ਹੈ।
ਅੱਜ ਦੇ ਦਿਨ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਦੇ ਘਰ ਤੀਸਰੀ ਕਿਲਕਾਰੀ ਗੂੰਜੀ ਸੀ। ਵੱਡੇ ਵੀਰ ਗੁਰਦੇਵ ਸਿੰਘ ਤੇ ਸੁਖਦੇਵ ਸਿੰਘ ਤੋਂ ਨਿੱਕੜਾ “ਜੱਗੋ”। ਜੱਗੋਂ ਬਿਲਕੁਲ ਵੰਖਰਾ। ਨਿੱਕੇ ਵੀਰ ਇੰਦਰਜੀਤ ਤੇ ਚਮਕੌਰ ਸਿੰਘ ਦਾ ਵੱਡਾ ਬਾਈ।
ਬੇਬੇ ਅਕਸਰ ਆਖਰੀ ਜੱਗੋ ਤਾ ਮੇਰਾ ਬੰਠਲੀ ਭਰ ਕੇ ਉੱਬਲੀਆਂ ਬੱਕਲੀਆ ਖਾ ਜਾਂਦਾ ਸੀ ਨਿੱਕੇ ਹੁੰਦਿਆਂ। ਅੱਡਾ ਚੌਗਾਠਾ ਪਾਲਣਾ ਕਿਤੇ ਸੌਖਾ ਹੈ ਪੁੱਤਰਾ। ਸਾਰਾ ਦਿਨ ਭੱਜਿਆ ਹੀ ਫਿਰਦਾ। ਹੁਣ ਵੀ ਕਿੱਥੇ ਟਿਕ ਕੇ ਬਹਿੰਦੈ। ਜਿੰਨਾ ਚਿਰ ਸੌ ਦੋ ਸੌ ਮੀਲ ਪੈਂਡਾ ਗਾਹ ਨਾ ਲਵੇ , ਇਹਨੂੰ ਰੋਟੀ ਹਜ਼ਮ ਨਹੀਂ ਹੁੰਦੀ।
ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਨਮ ਤੋਂ ਦੋ ਸਾਲ ਪਹਿਲਾਂ ਖੁੱਲ੍ਹੇ ਖਾਲਸਾ ਹਾਈ ਸਕੂਲ ਕਿਲ੍ਹਾ ਰਾਏਪੁਰ ਤੋਂ ਮੁੱਢਲੀ ਪੜ੍ਹਾਈ ਕੀਤੀ। ਇੱਥੇ ਹੀ ਪੰਜਾਬੀ ਸ਼ਾਇਰ ਅਜਾਇਬ ਚਿਤਰਕਾਰ ਉਸ ਦਾ ਡਰਾਇੰਗ ਅਧਿਆਪਕ ਬਣਿਆ।
ਆਰੀਆ ਕਾਲਿਜ ਲੁਧਿਆਣਾ ਤੋਂ ਗਰੈਜੂਏਸ਼ਨ, ਗੌਰਮਿੰਟ ਕਾਲਿਜ ਲੁਧਿਆਣਾ ਤੇ ਮਹਿੰਦਰਾ ਕਾਲਿਜ ਪਟਿਆਲਾ ਤੋਂ ਡਬਲ ਐੱਮ ਏ ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਲਾਅ ਗ੍ਰੈਜੂਏਟ ਬਣਿਆ।
ਲੁਧਿਆਣਾ ਕਚਹਿਰੀਆਂ ਵਿੱਚ ਉਸ ਨੇ ਸ. ਸੁਖਦੇਵ ਸਿੰਘ ਕੰਗ ਨਾਲ ਰਲ਼ ਕੇ ਪ੍ਰੈਕਟਿਸ ਵੀ ਸ਼ੂਰੂ ਕਰ ਲਈ ਪਰ ਉੱਡਣੇ ਪਰਿੰਦੇ ਕਿਤੇ ਪਿੰਜਰੇ ਪੈਂਦੇ ਨੇ?
ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਦੀ ਪ੍ਰਧਾਨਗੀ ਵੇਲੇ ਜਨਰਲ ਸਕੱਤਰ ਰਿਹਾ। ਪਰ ਸ਼ੌਕ ਅਵੱਲੇ! ਸੰਤ ਫ਼ਤਹਿ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਕਲਕੱਤਾ ਫੇਰੀ ਦੌਰਾਨ ਕੁਲਵੰਤ ਗਰੇਵਾਲ ਦੇ ਸੰਗ ਸਾਥ ਸਿਰਮੌਰ ਬੰਗਾਲੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਨੂੰ ਮਿਲਣ ਜਾ ਪੁੱਜਾ। ਸੰਤ ਖ਼ਫ਼ਾ ਕਿ ਕਿੱਥੇ ਲੈ ਵੜਿਆਂ? ਅਗਲੇ ਦਿਨ ਪ੍ਰਮੁੱਖ ਬੰਗਾਲੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਮੁੱਖ ਪੰਨੇ ਤੇ ਸੰਤਾਂ ਨਾਲ ਕਾਜ਼ੀ ਜੀ ਦੀ ਤਸਵੀਰ ਛਪੀ। ਇਹੀ ਕਾਜ਼ੀ ਨਜ਼ਰੁਲ ਇਸਲਾਮ ਸਾਹਿਬ ਬੰਗਲਾ ਦੇਸ਼ ਦੇ ਕੌਮੀ ਕਵੀ ਹਨ।
ਦੇਸ਼ ਵਿੱਚ ਪਹਿਲੀ ਵਾਰ 1967 ਵਿੱਚ ਬਣੀ ਪਹਿਲੀ ਗੈਰ ਕਾਂਗਰਸ ਸਰਕਾਰ ਦੇ ਜੁਗਾੜੀਆਂ ਵਿੱਚ ਜੱਸੋਵਾਲ ਜੀ ਵੀ ਸਨ। ਇਸ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਉਹ ਸਿਆਸੀ ਸਲਾਹਕਾਰ ਬਣੇ।
ਅਕਾਲੀ ਦਲ ਤੋਂ ਜਸਟਿਸ ਸਾਹਿਬ ਦੀ ਖੱਜਲ ਖੁਆਰੀ ਕਾਰਨ ਮਨ ਉਚਾਟ ਹੋ ਗਿਆ।
ਬਹੁਤ ਪਹਿਲਾਂ ਇਸੇ ਜਗਦੇਵ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਵਿੱਚ ਸ਼ਾਮਿਲ ਕਰਨ ਆਏ ਸਨ।
ਸ. ਕਰਤਾਰ ਸਿੰਘ ਸ਼ਮਸ਼ੇਰ, ਗੋਪਾਲ ਸਿੰਘ ਖਾਲਸਾ ਤੇ ਯੁੱਗ ਕਵੀ ਪ੍ਰੋ. ਮੌਹਨ ਸਿੰਘ ਨਾਲ ਹਰ ਸ਼ਾਮ ਗੁਜ਼ਾਰਦੇ।
ਇਸੇ ਦੋਸਤੀ ਵਿੱਚੋਂ ਮੇਹਨ ਸਿੰਘ ਯਾਦਗਾਰੀ ਮੇਲਾ ਨਿਕਲਿਆ। 1978 ਤੋਂ 2014 ਤੀਕ ਉਨ੍ਹਾਂ ਦੇ ਸੰਗੀ ਵਜੋਂ ਤੁਰਨ ਦਾ ਮੈਨੂੰ ਵੀ ਮਾਣ ਮਿਲਿਆ। ਵੱਡੇ ਵੀਰ ਵਜੋਂ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਬਹੁੜਦੇ।
ਅੱਜ ਉਨ੍ਹਾਂ ਦੇ ਜਨਮ ਦਿਨ ਤੇ ਕੁਝ ਸਮਾਂ ਪਹਿਲਾਂ ਲਿਖਿਆ ਕਾਵਿ ਚਿੱਤਰ ਹਾਜ਼ਰ ਹੈ।
ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।
ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।
ਹੱਥਾਂ ਨਾਲ ਹਵਾ ’ਚ ਨਕਸ਼ੇ ਬਣਾਵੇਗਾ ।
ਅਨੇਕਾਂ ਸ਼ਬਦ ਚਿਤਰ ਉਲੀਕੇਗਾ,
ਬਿਨ ਕਾਗ਼ਜ਼ਾਂ ਤੋਂ ।
ਧਰਤੀ ’ਚ ਰੰਗ ਭਰੇਗਾ,
ਖਿੜੇਗਾ ਸੂਰਜਮੁਖੀ ਦੇ ਖੇਤ ਵਾਂਗ ।
ਸੁਰ ਅਲਾਪੇਗਾ ਤੇ ਕਹੇਗਾ ।
ਉੱਠ ਕੇ ਪਹਿਰ ਦੇ ਤੜਕੇ,
ਬਦਨਾਮੀ ਲੈ ਲਈ ।
ਆਹੋ ਜੀ ਬਦਨਾਮੀ ਲੈ ਲਈ ।
ਪਰ ਰੋਜ਼ ਤੜਕੇ ਉੱਠੇਗਾ ਤੇ ਕਹੇਗਾ ।
ਚਲੋ ਬਈ ਚਲੋ,
ਨਿਰਮਲਾ ਨਿੰਦਰਾ ਰਵਿੰਦਰਾ
ਚਲੋ ਬਟਾਲੇ
ਕੋਟਲਾ ਸ਼ਾਹੀਆ ਖੇਡਾਂ ਨੇ ।
ਪਿਰਥੀਪਾਲ ਉਡੀਕਦੈ ।
ਖਤਰਾਵੀਂ ਦਿਲਬਾਗ ਨਾਲ,
ਮੇਲੇ ਦੀ ਵਿਉਂਤ ਬਣਾਉਣੀ ਹੈ ।
ਰਾਹ ’ਚ ਮਿਲਣਾ ਹੈ ਜਥੇਦਾਰ ਕਰਮ ਸਿੰਘ ਨੂੰ
ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ
ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਹੈ ।
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ ।
ਬਰਕਤ ਸਿੱਧੂ ਵੀ ਬੀਮਾਰ ਹੈ ਮੋਗੇ ।
ਚਲੋ! ਚਲੋ! ਚਲੋ! ਭਾਈ!
ਪਰ ਹੁਣ ਕੋਈ ਨਹੀਂ ਪੌੜੀਆਂ ਚੜ੍ਹਦਾ
ਮੇਰੇ ਘਰ ਦੀਆਂ
ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ
ਹਸਪਤਾਲ ’ਚ ਪਿਆ ਵੀ ਜੋ ਕਹੇ !
ਚਰਨਜੀਤ ਮੇਰਾ ਬੀਬਾ ਵੀਰ
ਮੁਲਖਸਗੜ੍ਹ ਯਾਦਗਾਰ ਬਣਵਾ ਦੇ
ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ।
ਬਸੀਆਂ ਕੋਠੀ ਤਾਂ ਬਣਵਾ ਲਈ
ਗੁਰਭਜਨ ਨੇ ਤੁਹਾਡੇ ਬਾਦਲ ਤੋਂ ।
ਚੱਲ! ਕਾਕਾ ਹਰਭਜਨ ਹੀਰ ਸੁਣਾ!
ਮਨ ਦਾ ਰਾਂਝਾ ਰਾਜ਼ੀ ਕਰੀਏ!
ਹੁਣ ਸਭ ਪਾਸੇ ਚੁੱਪ ਹੈ ।
ਉਹ ਵੱਡੀ ਸਾਰੀ ਧਰਤੀ ਸੀ
ਕਿਸੇ ਲਈ ਨੀਲਾ ਆਸਮਾਨ
ਸਿਰ ਤੇ ਧਰਿਆ ਬਾਬਲ ਦਾ ਹੱਥ ਸੀ
ਕਿਸੇ ਵਾਸਤੇ ਸੁਪਨਿਆਂ ਦਾ ਥਾਲ
ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ
ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ
ਬੜਿਆਂ ਲਈ ਰੁਜ਼ਗਾਰ ਦੀ ਪੌੜੀ
ਪਰ ਵਿਰਲਿਆਂ ਲਈ ਆਸਥਾ ਕੇਂਦਰ ।
ਖ਼ਾਨਗਾਹੇ ਬਲਦਾ ਮੱਧਮ ਚਿਰਾਗ ।
ਉਹ ਕਿਸੇ ਲਈ ਵੀ ਓਪਰਾ ਨਹੀਂ ਸੀ ।
ਵੱਡੀ ਸਾਰੀ ਪੋਟਲੀ ’ਚੋਂ ਸੁਪਨੇ ਕੱਢਦਾ
ਤੇ ਪੂਰੇ ਕਰਨ ਲਈ
ਬਲ ਬੁੱਧ ਮੁਤਾਬਕ ਵੰਡਦਾ ।
ਰਿਸ਼ਤਿਆਂ ਦੀਆਂ ਤੰਦਾਂ ਜੋੜਦਾ ।
ਅਮਰੀਕਾ ’ਚ ’ਵਾਜ਼ ਮਾਰਦਾ
ਉਇ ਰਿਆੜ ਹਰਵਿੰਦਰਾ
ਜਗਦੇਆਂ ਵਾਲਿਆ ਕੁਲਦੀਪ ਸਿੰਹਾਂ
ਉਦਾਸੀ ਦੀਏ ਧੀਏ ਪ੍ਰਿਤਪਾਲ
ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ
ਮੇਰਾ ਹੁਣ ਕੀ ਏ ।
ਤੇ ਅਗਲੇ ਦਿਨ ਟਿਕਟ ਕਟਾ,
ਅਮਰੀਕਾ ਚੜ੍ਹ ਜਾਂਦਾ ।
ਸਾਥੋਂ ਚੋਰੀ ਚੋਰੀ,
ਹਸਨਪੁਰੀਏ ਸੂਰਤ ਸਿੰਘ ਖ਼ਾਲਸਾ ਨਾਲ ।
ਉੱਤਰਨ ਸਾਰ ਦੁੱਖ ਸੁਖ ਭੁਗਤਾਉਂਦਾ ।
ਆਖ਼ਰੀ ਰਾਤਾਂ ਰਿਆੜ ਕੋਲੋਂ,
ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ ।
ਅਸੀਸਾਂ ਵੰਡਦਾ,
ਫ਼ਤਹਿ ਬੁਲਾਉਂਦਾ ।
ਵਤਨੀਂ ਪਰਤਦਾ ।
ਆਉਂਦਿਆ ਹਸਪਤਾਲ ਦਾ ਮੰਜਾ ਸੀ ।
ਉੱਥੋਂ ਹੀ ਗਾਉਂਦਾ ਵਜਾਉਂਦਾ,
ਰੇਤ ਵਾਂਗ ਹੱਥੋਂ ਕਿਰ ਗਿਆ ।
ਲੋਕ ਸੰਗੀਤ ਦੀ ਪਨੀਰੀ ਬੀਜਦਾ,
ਲਗਾਤਾਰ ਜਲ ਤਰੌਂਕਦਾ,
ਉਡਾਰ ਕਰਦਾ ਤੇ ਫੁਰਰਰਰਰ ਆਖ,
ਅੰਬਰਾਂ ਨੂੰ ਸੌਂਪਦਾ ।
ਪਾਰਸ ਛੋਹ ਬਖ਼ਸ਼ ਕੇ ।
ਜਹਾਨੋਂ ਜਾਣ ਵੇਲੇ ਵੀ,
ਇਤਿਹਾਸ ਦੀ ਚਿੰਤਾ ਸੀ ।
ਬੂਹਾ ਕਰ ਬੰਦ,
ਮੇਰਾ ਪੁੱਤਰ ਚੰਦ,
ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ ।
ਜੰਗਾਲੀਆਂ ਯਾਦਾਂ ਨੂੰ ਹਵਾ ਲੁਆਈਏ।
🌌 ਗੁਰਭਜਨ ਗਿੱਲ
1980 ਵਿੱਚ ਉਹ ਰਾਇਕੋਟ ਤੋਂ ਵਿਧਾਇਕ ਬਣੇ।
Get all latest content delivered to your email a few times a month.