IMG-LOGO
ਹੋਮ ਪੰਜਾਬ: ਪੰਜਾਬ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖਾਤਮਾ; ਨਸ਼ਾ ਤਸਕਰਾਂ ਵਿਰੁੱਧ...

ਪੰਜਾਬ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖਾਤਮਾ; ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਜਾਰੀ: ਲਾਲਜੀਤ ਭੁੱਲਰ ਨੇ ਪੜ੍ਹੋ ਤਸਕਰਾਂ ਨੂੰ ਕੀ ਦਿੱਤੀ ਚੇਤਾਵਨੀ??

Admin User - May 03, 2025 06:54 PM
IMG

 ਤਰਨਤਾਰਨ ਵਿਖੇ ਕਰਵਾਏ “ਪਿੰਡ ਦੇ ਪਹਿਰੇਦਾਰ” ਪ੍ਰੋਗਰਾਮ ਮੌਕੇ ਪਿੰਡਾਂ ਦੇ ਵਸਨੀਕਾਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਤੇ ਪੰਚਾਂ-ਸਰਪੰਚਾਂ ਨੂੰ ਕੀਤਾ ਸੰਬੋਧਨ

ਚੰਡੀਗੜ੍ਹ / ਤਰਨ ਤਾਰਨ, 3 ਮਈ:  ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਪੁਲਿਸ ਲਾਈਨ ਗਰਾਊਂਡ ਤਰਨ ਤਾਰਨ ਵਿਖੇ ਕਰਵਾਏ “ਪਿੰਡ ਦੇ ਪਹਿਰੇਦਾਰ” ਪ੍ਰੋਗਰਾਮ ਤਹਿਤ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਤੇ ਪੰਚਾਂ-ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਹਲਕਾ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ, ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਐੱਸ.ਐੱਸ.ਪੀ. ਅਭਿਮਨਿਊ ਰਾਣਾ ਤੋਂ ਇਲਾਵਾ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਤੇ ਜ਼ਿਲ੍ਹਾ ਕੋਆਰਡੀਨੇਟਰ ਅਮਿੰਦਰ ਐਮੀ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।

ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਮੂਹ ਹਾਜ਼ਰੀਨਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ। ਉਨ੍ਹਾਂ ਨਸ਼ੇ ਦੇ ਸਮੱਗਲਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਉਹ ਜ਼ਹਿਰ ਦਾ ਕਾਰੋਬਾਰ ਬੰਦ ਕਰ ਦੇਣ ਜਾਂ ਪੰਜਾਬ ਛੱਡ ਜਾਣ। ਉਨ੍ਹਾਂ ਕਿਹਾ ਕਿ ਨਸ਼ੇ ਦਾ ਵਪਾਰ ਕਰਨ ਵਾਲੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਵਿੱਢੀ ਗਈ ਲੜਾਈ ਤਹਿਤ ਸੂਬੇ ਵਿੱਚੋਂ ਨਸ਼ਾਂ ਤਸਕਰਾਂ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਫੌਰੀ ਕਰਵਾਈ ਕਰਨ ਲਈ ਪੁਲਿਸ ਨੂੰ ਖੁੱਲੀ ਛੋਟ ਦਿੱਤੀ ਗਈ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਪਿੰਡਾਂ, ਵਾਰਡਾਂ, ਗਲੀ, ਮੁਹੱਲਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ ਸਬੰਧੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਲੇਜ਼ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ “ਪਿੰਡ ਦੇ ਪਹਿਰੇਦਾਰ” ਵਜੋਂ ਨਸ਼ਿਆਂ ਖਿਲਾਫ ਫੈਸਲਾਕੁੰਨ ਜੰਗ ਵਿੱਚ ਮੋਹਰੀ ਹੋ ਕੇ ਆਪਣਾ ਹਿੱਸਾ ਪਾਉਣ।ਉਹਨਾਂ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਜਾਗਰੂਕ ਕਰਨ ਅਤੇ ਪਿੰਡਾਂ ਵਿੱਚ ਮਤੇ ਪਾਏ ਜਾਣ ਕਿ ਨਸ਼ੇ ਦਾ ਵਪਾਰ ਕਰਨ ਵਾਲਿਆਂ ਦੀ ਕੋਈ ਜ਼ਮਾਨਤ ਨਹੀਂ ਦੇਵੇਗਾ।

ਇਸ ਮੌਕੇ ਉਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਸੰਜੀਦਗੀ ਅਤੇ ਇਕਜੁਟਤਾ ਨਾਲ ਕੰਮ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਪੰਚ-ਸਰਪੰਚ ਅਤੇ ਹੋਰ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਨਸ਼ਿਆਂ ਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ।ਉਨ੍ਹਾਂ ਪੇਂਡੂ ਸੁਰੱਖਿਆ ਕਮੇਟੀਆਂ, ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਪਹਿਰੇਦਾਰ ਵਜੋਂ ਕੰਮ ਕਰਕੇ ਨਸ਼ਿਆਂ ‘ਚ ਗ੍ਰਸਤ ਲੋਕਾਂ ਦੇ ਇਲਾਜ ਤੇ ਪੁਨਰਵਾਸ ਲਈ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਅਜਿਹੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਅਤੇ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਦੀਆਂ ਪਾਣੀਆਂ ਸਬੰਧੀ ਵਧੀਕੀਆਂ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਪੰਜਾਬ ਦੇ ਹਿੱਸੇ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪਿੰਡ-ਪਿੰਡ ਜਾ ਕੇ ਸਾਡੀ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਵਿੱਚ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਨਸ਼ਿਆਂ ਦੀ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਪਾ ਸਕਦੇ ਹਾਂ।

ਇਸ ਮੌਕੇ ਹਲਕਾ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀ ਨੌਜਵਾਨੀ ਦਾ ਫ਼ਿਕਰ ਕਰ ਰਹੀ ਹੈ ਅਤੇ ਨਸ਼ਿਆ ਵਿਰੁੱਧ ਯੁੱਧ ਛੇੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਣਾਉਣ ਖਾਤਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ੇ ਵਿਰੋਧੀ ਮੁਹਿੰਮ ਵਿੱਚ ਸ਼ਾਮਿਲ ਹੋਈਏ।ਉਨ੍ਹਾਂ ਕਿਹਾ ਕਿ ਇਹ ਸਾਗੀ ਹੋਂਦ ਦੀ ਲੜਾਈ ਹੈ, ਜੋ ਲੋਕਾਂ ਦੇ ਸਹਿਯੋਗ ਨਾਲ ਜਿੱਤਣੀ ਹੈ।

ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੀ ਭਿਆਨਕ ਸਮੱਸਿਆ ਹੈ ਅਤੇ ਇਸ ਦੇ ਮੁਕੰਮਲ ਖਾਤਮੇ ਲਈ ਸਾਨੂੰ ਨਸ਼ਿਆ ਵਿਰੁੱਧ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਪਿੰਡ ਤੇ ਵਾਰਡ ਪੱਧਰੀ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਕਿਹਾ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਉਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਘਰ-ਘਰ ਜਾ ਕੁ ਲੋਕਾਂ ਨੂੰ ਜਾਗਰੂਕ ਕਰਨ।

ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਨੇ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਜਾਗਰੂਕਤਾ ਮੁਹਿੰਮ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਪਿੰਡ ਤੇ ਵਾਰਡ ਪੱਧਰੀ ਰੱਖਿਆ ਕਮੇਟੀਆਂ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ, ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਇਲਾਜ, ਪੁਨਰਵਾਸ ਅਤੇ 07 ਮਈ ਤੋਂ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਬੰਧੀ ਵੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤੀ ਯਾਤਰਾ ਨਾਲ ਜੁੜ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ।

ਇਸ ਦੌਰਾਨ ਐੱਸ. ਐੱਸ. ਪੀ. ਤਰਨ ਤਾਰਨ ਅਭਿਮਨਿਊ ਰਾਣਾ ਨੇ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਮੁਹਿੰਮ ਤਹਿਤ ਹੋਈਆਂ ਗ੍ਰਿਫ਼ਤਾਰੀਆ, ਨਸ਼ਿਆਂ ਦੀ ਬਰਾਮਦਗੀ ਅਤੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਸ਼ਰਮਾ, ਐਸ.ਡੀ.ਐੱਮ. ਤਰਨ ਤਾਰਨ ਅਰਵਿੰਦਰ ਪਾਲ ਸਿੰਘ, ਐੱਸ.ਡੀ.ਐੱਮ. ਪੱਟੀ ਇੰਦਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ ਡਾ. ਕਰਨਵੀਰ ਸਿੰਘ,   ਤੋਂ ਇਲਾਵਾ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਜ਼ਿਲਾ ਯੋਜਨਾ ਕਮੇਟੀ ਤਰਨ ਤਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਪੰਜਾਬ ਵਾਟਰ ਰਿਸੋਰਸ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਵਾਈਸ ਚੇਅਰਮੈਨ ਜੰਗਲਾਤ ਕਾਰਪੋਰੇਸ਼ਨ ਗੁਰਦੇਵ ਸਿੰਘ ਸੰਧੂ, ਚੇਅਰਮੈਨ ਦਿਲਬਾਗ ਸਿੰਘ, ਡਾਇਰੈਕਟਰ ਪੀ.ਐੱਸ.ਪੀ.ਸੀ.ਐੱਲ. ਜਸਬੀਰ ਸਿੰਘ ਸੁਰਸਿੰਘ ਅਤੇ ਜਿਲਾ ਪ੍ਰਧਾਨ ਅੰਜੂ ਵਰਮਾ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.