ਤਾਜਾ ਖਬਰਾਂ
ਚੰਡੀਗੜ੍ਹ, 4 ਮਈ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ 'ਤੇ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਸਾਹਿਬ ਦੇ ਇੰਚਾਰਜ ਨੂੰ ਸਕੂਲ ਵਿੱਚ ਇੱਕ ਸਮਾਗਮ ਦੌਰਾਨ ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਕਰਵਾਉਣ (ਸਨੈਕਸ ਵਰਤਵਾਉਣ) ਦੇ ਮਾਮਲੇ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਸਕੂਲਾਂ ਵਿੱਚ ਸੁਰੱਖਿਅਤ ਅਤੇ ਸਤਿਕਾਰ ਵਾਲਾ ਮਾਹੌਲ ਬਣਾਈ ਰੱਖਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਜਿਹਾ ਦੁਰਵਿਹਾਰ ਪੂਰੀ ਤਰ੍ਹਾਂ ਗ਼ੈਰ-ਵਾਜ਼ਬ ਹੈ, ਜਿਸ ਕਾਰਨ ਗੁਰਪ੍ਰਤਾਪ ਸਿੰਘ, ਪੰਜਾਬੀ ਲੈਕਚਰਾਰ-ਕਮ-ਸਕੂਲ ਇੰਚਾਰਜ, ਖ਼ਿਲਾਫ਼ ਡਿਊਟੀ ਦੌਰਾਨ ਘੋਰ ਅਣਗਹਿਲੀ ਲਈ ਤੁਰੰਤ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਦਫ਼ਤਰ ਜ਼ਿਲ੍ਹਾ ਸਿੱਖਿਆ ਦਫ਼ਤਰ (ਸੀਨੀਅਰ ਸੈਕੰਡਰੀ), ਤਰਨ ਤਾਰਨ ਇਸ ਲੈਕਚਰਾਰ ਦਾ ਹੈੱਡਕੁਆਰਟਰ ਹੋਵੇਗਾ।
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਵਤੀਰੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਹੋਰ ਅਧਿਆਪਕਾਂ ਨੂੰ ਵੀ ਸਕੂਲਾਂ ਵਿੱਚ ਉੱਚ ਮਿਆਰਾਂ ਅਤੇ ਜ਼ਿੰਮੇਵਾਰੀ ਨੂੰ ਬਣਾਈ ਰੱਖਣ ਲਈ ਕਿਹਾ। ਉਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਸਤਿਕਾਰ ਅਤੇ ਜਵਾਬਦੇਹੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਉੱਤੇ ਜ਼ੋਰ ਦਿੱਤਾ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।
Get all latest content delivered to your email a few times a month.