ਤਾਜਾ ਖਬਰਾਂ
ਪਾਇਲ, ਖੰਨਾ, ਲੁਧਿਆਣਾ, 18 ਮਈ-ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸੰਵਿਧਾਨ ਬਾਰੇ ਜਾਗ੍ਰਿਤੀ ਸਮਾਗਮ ਮਹਿਬੂਬ ਪੈਲੇਸ, ਪਾਇਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪੰਜਾਬ ਜੈਨਕੋ ਬੋਰਡ ਨਵਜੋਤ ਸਿੰਘ ਜਰਗ, ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਡਾ. ਕਰਨੈਲ ਸਿੰਘ ਕਾਲੀਆ ਵੀ ਮੌਜੂਦ ਸਨ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਦੋਂ ਤੋਂ ਪੰਜਾਬ ਦੀ ਸੱਤਾ ਸੰਭਾਲੀ ਗਈ ਹੈ ਉਦੋਂ ਤੋਂ ਹੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਤੇ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੁਆਰਾ ਕੀਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੂੰ "ਭਾਰਤ ਦੇ ਸੰਵਿਧਾਨ ਦੇ ਪਿਤਾ" ਅਤੇ ਦੱਬੇ-ਕੁਚਲੇ ਲੋਕਾਂ ਲਈ ਲੜਨ ਵਾਲੇ ਮਹਾਨ ਵਿਅਕਤੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਦਿੱਤੀ ਗਈ ਅਨੇਕਤਾ ਵਿੱਚ ਏਕਤਾ ਦੀ ਧਾਰਨਾ ਦਾ ਮੂਲ ਸਿਧਾਂਤ ਕਈ ਚੁਣੌਤੀਆਂ ਦੇ ਬਾਵਜੂਦ ਅੱਜ ਵੀ ਬਰਕਰਾਰ ਹੈ।
ਭਾਰਤੀ ਸੰਵਿਧਾਨ ਨੂੰ ਦੁਨੀਆ ਦੇ ਸਭ ਤੋਂ ਵਧੀਆ ਸੰਵਿਧਾਨਾਂ ਵਿੱਚੋਂ ਇੱਕ ਦੱਸਦੇ ਹੋਏ, ਚੇਅਰਮੈਨ ਗੜ੍ਹੀ ਨੇ ਕਿਹਾ ਕਿ ਇਹ ਸਮਾਜ ਦੇ ਹਾਸ਼ੀਏ 'ਤੇ ਧੱਕੇ ਗਏ ਵਰਗਾਂ ਲਈ ਨਿਆਂ ਦੀ ਆਖਰੀ ਉਮੀਦ ਹੈ। "ਬਾਬਾ ਸਾਹਿਬ ਅੰਬੇਡਕਰ ਦੀ ਦੂਰਅੰਦੇਸ਼ੀ ਅਤੇ ਸੂਝਵਾਨ ਅਗਵਾਈ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰ ਨਾਗਰਿਕ, ਖਾਸ ਕਰਕੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਲਗਾਤਾਰ ਰੱਖਿਆ ਦਾ ਉਪਬੰਧ ਕੀਤਾ ਹੈ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸੰਵਿਧਾਨ ਦੀ ਪਵਿੱਤਰ ਕਿਤਾਬ ਵਿੱਚ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਰਾਖੀ ਦਾ ਕਾਨੂੰਨੀ ਉਪਬੰਧ ਕਰਨ ਕਰਕੇ ਡਾਕਟਰ ਅੰਬੇਡਕਰ ਨੂੰ ਮਸੀਹਾ ਦੱਸਦਿਆਂ ਕਿਹਾ ਕਿ ਸਿੱਖਿਆ ਸਾਰੇ ਭੇਦਭਾਵ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਕੁੰਜੀ ਹੈ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਕ੍ਰਾਂਤੀ ਰਾਹੀ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਪੱਧਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਅਪਗ੍ਰੇਡ ਕਰਕੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਤੁਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਭਰ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀਆਂ ਤਸਵੀਰਾਂ ਨੂੰ ਪ੍ਰੇਰਕਾਂ ਅਤੇ ਆਦਰਸ਼ ਵਜੋਂ ਲਗਾਇਆ ਹੈ।
ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੀ ਮਹਾਨ ਅਤੇ ਦੂਰਦਰਸ਼ੀ ਸ਼ਖਸੀਅਤ ਨੂੰ ਇੱਕ ਵਿਸ਼ੇਸ਼ ਵਰਗ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਆਪਣੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੁਆਰਾ ਬਣਾਇਆ ਗਿਆ ਸੰਵਿਧਾਨ ਸਾਰੇ ਵਰਗਾਂ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇੱਕ ਸਿਹਤਮੰਦ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਲਈ ਉਨ੍ਹਾਂ (ਡਾ. ਬੀ. ਆਰ. ਅੰਬੇਡਕਰ) ਦੇ ਸਾਹਿਤ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਉਚੇਚੇ ਤੌਰ 'ਤੇ ਲੋਕਾਂ ਦੀਆਂ ਵੱਖ-ਵੱਖ ਵਿਭਾਗਾਂ ਵਿਚ ਪੈਂਡਿੰਗ ਪਈਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਵੀ ਸੁਣੀਆਂ। ਸਮਾਗਮ ਦੌਰਾਨ ਚੇਅਰਮੈਨ ਗੜ੍ਹੀ ਵਲੋਂ ਹਰੇਕ ਵਰਗ ਦੇ ਲੋਕਾਂ ਨੂੰ ਸੰਵਿਧਾਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਸੰਵਿਧਾਨ ਵਿਚ ਦਰਜ ਉਨ੍ਹਾਂ ਦੇ ਹੱਕਾਂ ਤੇ ਫ਼ਰਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀ ਵਰਗਾ ਦੀ ਆਬਾਦੀ 35 ਪ੍ਰਤੀਸ਼ਤ ਹੈ। ਪਰ ਪੰਜਾਬ ਵਿੱਚ 35 ਪ੍ਰਤੀਸ਼ਤ ਤੋਂ ਜ਼ਿਆਦਾ ਅਨੁਸੂਚਿਤ ਜਾਤੀ ਦੇ ਲੋਕ ਰਹਿੰਦੇ ਹਨ।
ਉਹਨਾਂ ਕਿਹਾ ਕਿ ਜ਼ੁਲਮ ਅਤੇ ਤਸ਼ੱਦਦ ਦੀ ਨੀਤੀ ਮੇਰੇ ਕੋਲ ਹੈ ਜਿਸ ਤਹਿਤ ਪੰਜਾਬ ਦੀ ਧਰਤੀ ਤੇ ਜ਼ੁਲਮ ਅਤੇ ਤਸ਼ੱਦਦ ਕਰਨ ਵਾਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਹ ਉਹੀ ਨੀਤੀ ਹੈ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਅਤੇ ਬਾਬਾ ਅੰਬੇਡਕਰ ਸਾਹਿਬ ਨੇ ਸਾਨੂੰ ਸੰਵਿਧਾਨ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਆਰਟੀਕਲ 14,15,16 ਅਤੇ 17 ਰਾਹੀਂ ਜੋ ਮੌਲਿਕ ਅਧਿਕਾਰ ਦਿੱਤੇ ਗਏ ਹਨ ਇਹੇ ਜਾਤੀ, ਧਰਮ, ਨਸਲ, ਸਥਾਨ ਅਤੇ ਲਿੰਗ ਦੇ ਵਿੱਤਕਰੇ ਨੂੰ ਖਤਮ ਕਰਦੇ ਹਨ। ਅਸੀਂ ਇਸ ਅਨੁਸਾਰ ਹੀ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਉਹਨਾਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਚਾਰਜ ਲਿਆ ਤਾਂ ਦੇਖਿਆ ਕਿ 5000 ਫਾਈਲਾਂ ਪੈਡਿੰਗ ਪਈਆ ਸਨ। ਅੱਜ ਤੱਕ 58 ਦਿਨਾਂ ਵਿੱਚ 1200 ਤੋਂ ਉੱਪਰ ਹੋਰ ਫਾਈਲਾਂ ਆਈਆਂ ਹਨ। ਅੱਜ ਦੇ ਸਮਾਗਮ ਦੌਰਾਨ ਉਨ੍ਹਾਂ ਦੁਆਰਾ 15 ਤੋਂ 20 ਫਾਈਲਾਂ ਲਈਆ ਗਈਆਂ ਹਨ। ਇਹ ਮਾਮਲੇ ਨੌਕਰੀਆਂ ਨਾਲ ਸਬੰਧਤ, ਵਿਦਿਆਰਥੀਆਂ ਦੇ ਨਾਲ ਸਬੰਧਤ, ਕਿਸੇ ਗਰੀਬ ਦੇ ਜੀਵਨਸ਼ੈਲੀ ਨਾਲ ਸਬੰਧਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਗਰੀਬ ਨੂੰ ਦਬਾਉਂਦਾ ਹੈ ਤਾਂ ਅਸੀਂ ਉਸ ਉੱਤੇ ਕੰਮ ਕਰ ਰਹੇ ਹਾਂ ਅਤੇ ਕਰਦੇ ਕਰਾਂਗੇ।
ਇਸ ਮੌਕੇ ਬਲਵਿੰਦਰ ਸਿੰਘ ਲਤਾਲਾ, ਇੰਜ: ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ, ਬਲਵਿੰਦਰ ਸਿੰਘ ਦੁਧਾਲ, ਸ੍ਰੀਮਤੀ ਸ਼ਾਂਤੀ ਦੇਵੀ ਰਿਟਾਇਰਡ ਪ੍ਰਿੰਸੀਪਲ ਮੁਲਾਂਪੁਰ ਦਾਖਾ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਪ੍ਰਿੰਸੀਪਲ ਸੰਜੀਵ ਮੋਦਗਿੱਲ, ਦਿਲਬਾਗ ਸਿੰਘ ਬਾਘਾ ਪਾਇਲ, ਜਗਦੀਪ ਸਿੰਘ ਸਿਰਥਲਾ, ਸਿਮਰਦੀਪ ਸਿੰਘ ਦੌਬੁਰਜੀ, ਕਰਮਜੀਤ ਸਿੰਘ ਮੰਡਿਆਲਾ, ਦਵਿੰਦਰ ਸਿੰਘ ਗਿੱਲ ਜਰਗੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
Get all latest content delivered to your email a few times a month.