ਤਾਜਾ ਖਬਰਾਂ
ਬਠਿੰਡਾ, 23 ਮਈ, 2025: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਰੋਜ਼ਾਨਾ ਨਵੇਂ ਪੱਧਰ ਤੇ ਜਨਤਾ ਦੀ ਭਾਗੀਦਾਰੀ ਨਾਲ ਅੱਗੇ ਵਧ ਰਹੀ ਹੈ। ਇਹ ਯਾਤਰਾ ਸਿਰਫ਼ ਸਰਕਾਰੀ ਥਾਪ ਨਹੀਂ ਰਹੀ, ਸਗੋਂ ਲੋਕਾਂ ਦੀ ਸ਼ਮੂਲੀਅਤ ਨਾਲ ਇਹ ਇੱਕ ਲੋੜੀਂਦੇ ਤੇ ਪ੍ਰਭਾਵਸ਼ਾਲੀ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ।
ਇਸ ਯਾਤਰਾ ਦੀ ਲਗਾਤਾਰ 7ਵੀਂ ਦਿਨੀ ਵਿਧਾਇਕਾ ਅਤੇ ਚੀਫ ਵਿੱਪ ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਹਲਕੇ ਦੇ ਪਿੰਡ ਸਿੰਗੋ, ਜਗਾ ਰਾਮ ਤੀਰਥ-1 ਅਤੇ ਫਤਿਹਗੜ੍ਹ ਨੌਂਬਾਦ ਵਿੱਚ ਨਸ਼ਾ ਮੁਕਤੀ ਸਬੰਧੀ ਸਮਾਗਮਾਂ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨੀ ਹੀ ਸੱਚੀ ਤਾਕਤ ਹੈ ਜੋ ਨਸ਼ਿਆਂ ਦੇ ਇਸ ਕਾਲੇ ਬਜ਼ਾਰ ਨੂੰ ਜੜ ਤੋਂ ਖਤਮ ਕਰ ਸਕਦੀ ਹੈ।
ਇਸੇ ਤਰ੍ਹਾਂ, ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਭੋਖੜਾ, ਗਿੱਲਪੱਤੀ ਅਤੇ ਗੋਨਿਆਣਾ ਮੰਡੀ ਵਿੱਚ ਸਮਾਗਮਾਂ ਦੌਰਾਨ ਲੋਕਾਂ ਨੂੰ ਨਸ਼ਿਆਂ ਵਿਰੁੱਧ ਦ੍ਰਿੜ ਨਿਸ਼ਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੇਂਡੂ ਡਿਫੈਂਸ ਕਮੇਟੀਆਂ ਪੂਰੇ ਜੋਸ਼ ਨਾਲ ਕਾਰਜ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕਮੇਟੀਆਂ ਨਸ਼ਾ ਤਸਕਰੀ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਵਿੱਚ ਅਹੰਮ ਭੂਮਿਕਾ ਨਿਭਾਉਣਗੀਆਂ।
ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿੰਡ ਭਾਈਰੂਪਾ ਖੁਰਦ, ਕੋਠਾ ਸੁੱਖਾ ਨੰਦ ਅਤੇ ਦੂਲੇਵਾਲ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਲੜਾਈ ਵਿੱਚ ਭਾਗੀਦਾਰ ਬਣਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਆਗ੍ਰਹ ਕੀਤਾ ਕਿ ਸਾਰਾ ਪੰਜਾਬ ਇਕ ਜੁਟ ਹੋ ਕੇ ਪਾਣੀ ਅਤੇ ਨੌਜਵਾਨੀ ਨੂੰ ਬਚਾਏ।
ਇਸੇ ਲੜੀ ਵਿੱਚ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਪਿੰਡ ਗਹਿਰੀ ਭਾਰਾ ਸਿੰਘ, ਨੰਦਗੜ੍ਹ ਕੋਟੜਾ ਅਤੇ ਰਾਮਪੁਰਾ ਵਿੱਚ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਜ਼ੋਰ ਦਿੱਤਾ ਕਿ ਨਸ਼ਿਆਂ ਦੀ ਚੁੰਗਲ 'ਚ ਫਸੇ ਲੋਕਾਂ ਲਈ ਸਰਕਾਰ ਮੁਫ਼ਤ ਇਲਾਜ ਦੀ ਸਹੂਲਤ ਦੇ ਰਹੀ ਹੈ।
ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਧਨ ਸਿੰਘ ਖਾਨਾ, ਕੋਟਸ਼ਮੀਰ ਅਤੇ ਕੋਟਫੱਤਾ ਵਿੱਚ ਸਮਾਗਮ ਕਰਵਾਏ ਜਿਥੇ ਉਨ੍ਹਾਂ ਨੌਜਵਾਨਾਂ ਨੂੰ "ਨਸ਼ਾ ਮੁਕਤੀ ਯਾਤਰਾ" ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ।
ਸ਼ਹਿਰੀ ਖੇਤਰ ਵਿੱਚ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਵਾਰਡ ਨੰਬਰ 22, 23 ਅਤੇ 24 ਦਾ ਦੌਰਾ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਆਹਵਾਨ ਕੀਤਾ ਕਿ ਆਪਣਾ ਫਰਜ਼ ਨਿਭਾਉਣ ਲਈ ਅੱਗੇ ਆਉਣ।
ਇਸ ਯਾਤਰਾ ਦੌਰਾਨ ਸੈਂਕੜੇ ਪਿੰਡਾਂ ਵਿੱਚ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਨਸ਼ਿਆਂ ਖਿਲਾਫ਼ ਏਕਜੁਟ ਹਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਤਿਆਰ ਹਨ।
Get all latest content delivered to your email a few times a month.