ਤਾਜਾ ਖਬਰਾਂ
ਚੰਡੀਗੜ੍ਹ, 30 ਮਈ 2025: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਅੰਮ੍ਰਿਤਸਰ ਰੀਜਨਲ ਯੂਨਿਟ ਨੇ 29 ਮਈ 2025 ਨੂੰ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 9, 191 ਰਾਹੀਂ ਦੁਬਈ ਜਾ ਰਹੇ ਇੱਕ ਯਾਤਰੀ ਨੂੰ ਰੋਕਿਆ ਗਿਆ। ਜਾਂਚ ਦੌਰਾਨ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲਈ ਗਈ, ਜਿਸ ਵਿੱਚ ਚਲਾਕੀ ਨਾਲ ਲੁਕਾਈ ਗਈ 41,400 ਅਮਰੀਕੀ ਡਾਲਰ ਮਿਲੇ, ਜੋ ਭਾਰਤੀ ਕਰੰਸੀ ਅਨੁਸਾਰ ਲਗਭਗ ₹35.40 ਲੱਖ ਬਣਦੇ ਹਨ।
ਇਹ ਕਰੰਸੀ ਇੱਕ ਹੋਰ ਬੈਗ ਵਿੱਚ ਰੱਖ ਕੇ ਮੁੱਖ ਚੈੱਕ-ਇਨ ਬੈਗ ਦੇ ਅੰਦਰ ਛੁਪਾਈ ਗਈ ਸੀ। ਡੀਆਰਆਈ ਨੇ ਦੱਸਿਆ ਕਿ ਇਹ ਰਕਮ ਬਿਨਾ ਕਿਸੇ ਵਾਜਿਬ ਦਸਤਾਵੇਜ਼ਾਂ ਦੇ ਅਤੇ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਨਿਰਧਾਰਿਤ ਸੀਮਾਵਾਂ ਤੋਂ ਵੱਧ ਸੀ। ਇਸ ਲਈ, ਕਸਟਮ ਐਕਟ, 1962 ਅਧੀਨ ਇਹ ਕਰੰਸੀ ਜ਼ਬਤ ਕਰ ਲਈ ਗਈ।
ਮੁੱਢਲੀ ਜਾਂਚ ਦਰਸਾਉਂਦੀ ਹੈ ਕਿ ਯਾਤਰੀ ਇਹ ਕਰੰਸੀ ਤਸਕਰੀ ਰਾਹੀਂ ਵਿੱਤੀ ਲਾਭ ਦੀ ਨੀਅਤ ਨਾਲ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।
ਡੀਆਰਆਈ ਨੇ ਦੱਸਿਆ ਕਿ ਇਹ ਮਈ ਮਹੀਨੇ ਦੌਰਾਨ ਵਿਦੇਸ਼ੀ ਕਰੰਸੀ ਦੀ ਦੂਜੀ ਵੱਡੀ ਬਰਾਮਦਗੀ ਹੈ।
ਡੀਆਰਆਈ ਵੱਲੋਂ ਕਿਹਾ ਗਿਆ ਕਿ ਉਹ ਵਿਦੇਸ਼ੀ ਕਰੰਸੀ ਦੀ ਤਸਕਰੀ ਅਤੇ ਆਰਥਿਕ ਅਪਰਾਧਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Get all latest content delivered to your email a few times a month.