ਤਾਜਾ ਖਬਰਾਂ
ਚੰਡੀਗੜ੍ਹ, 1 ਜੂਨ- ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹੁਣ GPS ਸਿਸਟਮ ਰਾਹੀਂ ਵੱਡੇ ਨਸ਼ਾ ਸਮੱਗਲਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ। ਇਹ ਪ੍ਰਣਾਲੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੀ ਨਿਗਰਾਨੀ ਲਈ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਪੁਲਿਸ ਨੂੰ ਹੋਰ ਮਹੱਤਵਪੂਰਨ ਸੁਰਾਗ ਮਿਲਣਗੇ। ਭਾਰਤ-ਪਾਕਿਸਤਾਨ ਸਰਹੱਦ 'ਤੇ ਨਸ਼ਾ, ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਮੱਗਲਿੰਗ ਨੂੰ ਰੋਕਣ ਲਈ ਉੱਨਤ ਐਂਟੀ-ਡਰੋਨ ਪ੍ਰਣਾਲੀਆਂ ਟ੍ਰਾਇਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਡਰੋਨ ਪ੍ਰਣਾਲੀਆਂ ਸਰਹੱਦ ਪਾਰੋਂ ਸਮੱਗਲਿੰਗ ਨੈੱਟਵਰਕ ਨੂੰ ਬੇਅਸਰ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
ਡਾਇਰੈਕਟਰ ਜਨਰਲ ਨੇ ਇਹ ਵੀ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਜ਼ਮਾਨਤ ਰੱਦ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਅਤੇ ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਦੀ ਪੂਰੀ ਜਾਂਚ ਚੱਲ ਰਹੀ ਹੈ। ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ 8344 F.I.R ਦਰਜ ਕਰਕੇ 13,038 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ 1696 ਵੱਡੇ ਸਮੱਗਲਰ ਵੀ ਸ਼ਾਮਿਲ ਹਨ। ਇਸ ਮੁਹਿੰਮ ਵਿੱਚ 586 ਕਿੱਲੋ ਹੈਰੋਇਨ, 247 ਕਿੱਲੋ ਅਫੀਮ, 14 ਟਨ ਭੁੱਕੀ ਅਤੇ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਨਸ਼ਾ ਸਮੱਗਲਰਾਂ ਦੀਆਂ 74.27 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਗਿਆ ਅਤੇ 104 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ। ਨਾਲ ਹੀ 48 ਵੱਡੇ ਹਵਾਲਾ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ 10.76 ਕਰੋੜ ਰੁਪਏ ਰਿਕਵਰ ਕੀਤੇ ਗਏ ਹਨ। ਡੀ.ਜੀ.ਪੀ. ਨੇ 'ਈਚ ਵਨ ਅਡਾਪਟ ਵਨ' ਪ੍ਰੋਗਰਾਮ ਦਾ ਐਲਾਨ ਵੀ ਕੀਤਾ ਹੈ, ਜਿਸ ਤਹਿਤ ਹਰ ਪੁਲਿਸ ਅਧਿਕਾਰੀ ਇਕ ਨਸ਼ਾ ਪੀੜਤ ਨੂੰ ਗੋਦ ਲੈ ਕੇ ਉਸ ਦੀ ਰਿਹਾਈ ਤੇ ਧਿਆਨ ਦੇਵੇਗਾ।
Get all latest content delivered to your email a few times a month.