ਤਾਜਾ ਖਬਰਾਂ
ਅੰਮ੍ਰਿਤਸਰ 1 ਜੂਨ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਹਾਲੀਆ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਅਤੇ ਅਟੱਲ ਤਖਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਅਕਾਲ ਤਖਤ ਸਾਹਿਬ ‘ਤੇ ਸਿਰਫ਼ ਨਿਮਰਤਾ, ਸਨਮਾਨ ਅਤੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਏਕਜੁੱਟ ਹੋ ਕੇ ਅਰਦਾਸ ਹੋਣੀ ਚਾਹੀਦੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼, ਗੈਰ ਜਾਇਜ਼ ਅਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਕੌਮ ਵਿੱਚ ਅਜਿਹੀ ਸ਼ਰਾਰਤ ਕਦੇ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਨੇ ਹਮਲੇ ਕੀਤੇ, ਪਰ ਇਹ ਤਖਤ ਕਦੇ ਵੀ ਝੁਕਿਆ ਨਹੀਂ। ਮਾਨ ਨੇ ਬਾਬਾ ਧੁੰਮਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਆਨਾਂ ਵਿੱਚ ਗੰਭੀਰਤਾ ਅਤੇ ਤਖਤ ਦੀ ਮਰਿਆਦਾ ਦੇ ਪ੍ਰਤੀ ਸਤਿਕਾਰ ਦਰਸਾਉਣ। ਉਨ੍ਹਾਂ ਨੇ ਦਮਦਮੀ ਟਕਸਾਲ ਵੱਲੋਂ 6 ਜੂਨ ਨੂੰ ਮਹਿਤਾ ਵਿਖੇ ਅਲੱਗ ਸਮਾਗਮ ਕਰਵਾਉਣ ਦੀ ਪਰੰਪਰਾ ਨੂੰ ਗਲਤ ਦੱਸਦਿਆਂ ਕਿਹਾ ਕਿ ਇਹ ਸਮਾਂ ਵੰਡ ਨਹੀਂ, ਸਿੱਖ ਏਕਤਾ ਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਮਾਗਮ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਹੋਣੇ ਚਾਹੀਦੇ ਹਨ ਤਾਂ ਜੋ ਸਿੱਖ ਕੌਮ ਦੀ ਇੱਕਤਾ ਅਤੇ ਇਕਜੁਟਤਾ ਦਾ ਸੰਦੇਸ਼ ਦਿਤਾ ਜਾ ਸਕੇ।
Get all latest content delivered to your email a few times a month.