ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਇੱਕ ਮਹੱਤਵਪੂਰਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਸਰਕਾਰ ਨਾਲ ਤੁਰੰਤ ਗੰਭੀਰਤਾ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਉਥੇ ਰਹਿ ਰਹੇ ਜਾਂ ਯਾਤਰਾ ਕਰਨ ਵਾਲੇ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਅਨੁਸਾਰ ਪੰਜ ਕੱਕਾਰ, ਖਾਸ ਕਰਕੇ ਕ੍ਰਿਪਾਨ, ਬਿਨਾਂ ਕਿਸੇ ਰੁਕਾਵਟ ਦੇ ਧਾਰਨ ਕਰਨ ਦੀ ਆਜ਼ਾਦੀ ਮਿਲੇ।
ਇਹ ਅਪੀਲ ਉਨ੍ਹਾਂ ਵੱਲੋਂ ਤਦ ਕੀਤੀ ਗਈ ਜਦੋਂ ਯੂ ਏ ਈ ਵਿਚ ਭਾਰਤੀ ਦੂਤਾਵਾਸ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ, ਜਿਸ 'ਚ ਕਿਹਾ ਗਿਆ ਕਿ ਤਿੱਖੀਆਂ ਵਸਤਾਂ ਲੈ ਕੇ ਜਾਣਾ ਯੂ ਏ ਈ ਦੇ ਕਾਨੂੰਨ ਦੀ ਧਾਰਾ 405 ਤਹਿਤ ਮਨਾਹੀਯੋਗ ਹੈ। ਇਸਦਾ ਸਿੱਧਾ ਅਸਰ ਸਿੱਖਾਂ ਦੇ ਆਸਥਾ-ਚਿੰਨ੍ਹ ਕ੍ਰਿਪਾਨ ਉੱਤੇ ਪੈਂਦਾ ਹੈ।
ਸਰਦਾਰਨੀ ਬਾਦਲ ਨੇ ਆਪਣੇ ਪੱਤਰ ਵਿਚ ਇੰਝ ਲਿਖਿਆ ਕਿ ਇਹ ਐਡਵਾਈਜ਼ਰੀ ਸਿਰਫ ਨਿਰਦੇਸ਼ ਨਹੀਂ, ਸਗੋਂ ਉਹਨਾਂ ਸਿੱਖਾਂ ਵਾਸਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜੋ ਆਪਣੀ ਧਾਰਮਿਕ ਪਛਾਣ ਨਾਲ ਵਿਦੇਸ਼ਾਂ ਵਿਚ ਰਹਿ ਰਹੇ ਹਨ। ਉਨ੍ਹਾਂ ਉਨ੍ਹਾਂ ਮਾਮਲਿਆਂ ਦੀ ਵੀ ਚਰਚਾ ਕੀਤੀ ਜਿਥੇ ਸਿੱਖਾਂ ਨੂੰ ਯੂ ਏ ਈ ਵਿਚ ਦਸਤਾਰ ਜਾਂ ਕ੍ਰਿਪਾਨ ਹਟਾਉਣ ਲਈ ਮਜਬੂਰ ਕੀਤਾ ਗਿਆ, ਖਾਸ ਕਰਕੇ ਆਬੂ ਧਾਬੀ ਵਿਚ ਇੱਕ ਬਜ਼ੁਰਗ ਸਿੱਖ ਨਾਲ ਵਾਪਰੀ ਅਪਮਾਨਜਨਕ ਘਟਨਾ।
ਉਨ੍ਹਾਂ ਨੇ ਆਗਾਹ ਕੀਤਾ ਕਿ ਅਜਿਹੀਆਂ ਘਟਨਾਵਾਂ ਨਾਲ ਸਿੱਖ ਕੌਮ ਵਿਚ ਨਿਰਾਸ਼ਾ ਤੇ ਮਾਯੂਸੀ ਪੈਦਾ ਹੋਈ ਹੈ ਕਿਉਂਕਿ ਇਹ ਗੱਲਾਂ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਕੱਕਾਰ ਧਾਰਣ ਕਰਨ ਦੇ ਰਾਹ ਵਿਚ ਰੁਕਾਵਟ ਸਾਬਤ ਹੋ ਰਹੀਆਂ ਹਨ ਅਤੇ ਇਹ ਗੱਲਾਂ ਯੂ ਏ ਈ ਵਿਚ ਧਾਰਮਿਕ ਆਜ਼ਾਦੀ ਦੀ ਰੱਖਿਆ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦੀਆਂ ਹਨ।
ਸਰਦਾਰਨੀ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਯੂ ਏ ਈ ਭੇਜੇ ਜਾਣ ਜੋ ਉਥੇ ਦੀ ਸਰਕਾਰ ਅਤੇ ਕੌਮਾਂਤਰੀ ਸੰਸਥਾਵਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਸਿੱਖ ਧਰਮ ਅਤੇ ਪੰਜ ਕੱਕਾਰਾਂ ਦੀ ਮਹੱਤਤਾ ਬਾਰੇ ਜਾਣੂ ਕਰ ਸਕਣ।
ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਾਜ਼ਮੀ ਕਰਾਰ ਦਿੱਤੀ ਕ੍ਰਿਪਾਨ ਸਿੱਖੀ ਦੀ ਆਤਮਕ ਅਤੇ ਨੈਤਿਕ ਪਛਾਣ ਦਾ ਚਿੰਨ੍ਹ ਹੈ, ਜੋ ਹਮੇਸ਼ਾ ਅਨਿਆਏ ਦੇ ਵਿਰੁੱਧ ਖੜ੍ਹੇ ਹੋਣ ਅਤੇ ਦਬੇ-ਕੁਚਲੇ ਦੀ ਰਾਖੀ ਵਾਸਤੇ ਸਿਖਲਾਈ ਦਿੰਦੀ ਹੈ। ਇਹ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕਰਦੀ, ਸਗੋਂ ਸ਼ਾਂਤੀ ਅਤੇ ਨੈਤਿਕਤਾ ਦਾ ਸੰਕੇਤ ਹੈ।
ਸਰਦਾਰਨੀ ਬਾਦਲ ਨੇ ਇਸ ਪੱਤਰ ਰਾਹੀਂ ਸਰਕਾਰ ਨੂੰ ਯਾਦ ਦਿਵਾਇਆ ਕਿ ਸਿੱਖ ਕੌਮ ਨੇ ਵਿਦੇਸ਼ਾਂ ਵਿਚ ਹਮੇਸ਼ਾ ਸਵੈ-ਅਨੁਸ਼ਾਸਿਤ ਅਤੇ ਘੁਲ-ਮਿਲ ਕੇ ਰਹਿਣ ਵਾਲੀ ਭੂਮਿਕਾ ਨਿਭਾਈ ਹੈ। ਇਸ ਕਰਕੇ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਕਾਨੂੰਨੀ ਸੁਰੱਖਿਆ ਮਿਲਣੀ ਬਹੁਤ ਜ਼ਰੂਰੀ ਹੈ।
Get all latest content delivered to your email a few times a month.