ਤਾਜਾ ਖਬਰਾਂ
ਬਠਿੰਡਾ, 17 ਜੂਨ 2025 – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਲਵਾ ਸਿਰਫ਼ ਭੂਗੋਲਿਕ ਖੇਤਰ ਨਹੀਂ, ਸਗੋਂ ਪੰਜਾਬੀ ਸਭਿਆਚਾਰ, ਇਤਿਹਾਸ, ਸੰਘਰਸ਼, ਪ੍ਰੇਮ ਅਤੇ ਸਚਾਈ ਦੀ ਵਿਰਾਸਤ ਦਾ ਜਿੰਦਾ ਉਦਾਹਰਨ ਹੈ। ਉਹ ਸਥਾਨਕ ਹੋਟਲ ਵਿਖੇ ਇੱਕ ਪ੍ਰਮੁੱਖ ਹਿੰਦੀ ਅਖਬਾਰ ਵੱਲੋਂ ਕਰਵਾਏ ਗਏ "ਸ਼ਾਨ-ਏ-ਮਾਲਵਾ ਐਵਾਰਡ" ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਐਵਾਰਡ ਸਮਾਗਮ ਦੌਰਾਨ ਸ. ਸੰਧਵਾਂ ਨੇ ਮਾਲਵੇ ਦੀ ਧਰਤੀ ਨੂੰ 'ਰੋਹੀਆਂ ਦਾ ਦੇਸ਼' ਦੱਸਦੇ ਹੋਏ ਕਿਹਾ ਕਿ ਇਹ ਇਲਾਕਾ ਕਦੇ ਟਿੱਬਿਆਂ, ਰੇਤ, ਲੇਹਾ ਅਤੇ ਝਾੜੀਆਂ ਨਾਲ ਢੱਕਿਆ ਹੁੰਦਾ ਸੀ, ਪਰ ਇਤਿਹਾਸ ਨੇ ਸਦਾ ਇਸ ਧਰਤੀ ਨੂੰ ਸਮਰਪਣ, ਬਹਾਦਰੀ ਅਤੇ ਸਭਿਆਚਾਰ ਦੇ ਕੇਂਦਰ ਵਜੋਂ ਮੰਨਤਾ ਦਿੱਤੀ ਹੈ। ਉਨ੍ਹਾਂ ਮਾਲਵਾ ਇਲਾਕੇ ਦੇ ਸਾਹਿਤਕ ਅਤੇ ਰੂਹਾਨੀ ਵਿਰਸੇ ਦੀ ਵੀ ਵਡੇਰੇ ਪ੍ਰਸ਼ੰਸਾ ਕੀਤੀ। ਸੰਤ ਰਾਮ ਉਦਾਸੀ ਵਰਗੇ ਅਮਰ ਕਵੀਆਂ ਦੀ ਰਚਨਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਕਵੀਆਂ ਨੇ ਪੰਜਾਬੀ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਜਨਤਾ ਤੱਕ ਪਹੁੰਚਾਇਆ।
ਸ. ਸੰਧਵਾਂ ਨੇ ਸਮਾਜ ਸੇਵਾ, ਸਿੱਖਿਆ, ਸਿਹਤ ਅਤੇ ਵਪਾਰ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਵਿਧਾਇਕ ਸ. ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਵੀ ਭਾਸ਼ਣ ਕੀਤੇ ਅਤੇ ਬਠਿੰਡੇ ਦੇ ਇਤਿਹਾਸ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਮਹਿਤ ਸਮੇਤ ਕਈ ਹੋਰ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ।
Get all latest content delivered to your email a few times a month.