ਤਾਜਾ ਖਬਰਾਂ
ਜਲੰਧਰ- ਜਲੰਧਰ ਵਿੱਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੇ ਖੇਤਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਇਕ ਵਪਾਰਕ ਇਮਾਰਤ 'ਚ ਰਾਤ ਭਿਆਨਕ ਅੱਗ ਲੱਗ ਗਈ। ਇਮਾਰਤ ‘ਚ ਸਥਿਤ “ਖੁਰਾਨਾ ਐਂਟਰਪ੍ਰਾਈਜ਼” ਨਾਮਕ ਸੈਨੀਟਰੀ ਦੁਕਾਨ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਨੇ ਥੋੜ੍ਹੇ ਹੀ ਸਮੇਂ ਵਿੱਚ ਚਾਰਾਂ ਮੰਜ਼ਿਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਨੇੜੇ ਹੀ ਕੁਝ ਨੌਜਵਾਨਾਂ ਵੱਲੋਂ ਜਨਮਦਿਨ ਮਨਾਉਂਦੇ ਹੋਏ ਪਟਾਖੇ ਚਲਾਉਣਾ ਸੀ। ਪਟਾਖਿਆਂ ਦੀ ਚਿੰਗਾਰੀ ਛੱਤ ਉੱਤੇ ਪਈਆਂ ਪਲਾਸਟਿਕ ਦੀਆਂ ਟੈਂਕੀਆਂ 'ਚ ਲੱਗੀ, ਜਿਸ ਨਾਲ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਦੁਕਾਨ ਮਾਲਕ ਪੁਨੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਕਿਉਰਟੀ ਗਾਰਡ ਵੱਲੋਂ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਦੁਕਾਨ ਤੋਂ ਧੂੰਆ ਨਿਕਲ ਰਿਹਾ ਹੈ। ਜਦ ਉਹ ਮੌਕੇ 'ਤੇ ਪਹੁੰਚੇ, ਤਾਂ ਅੱਗ ਚੌਥੀ ਮੰਜ਼ਿਲ ਤੱਕ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕਈ ਘੰਟਿਆਂ ਦੀ ਜੱਦੋ-ਜੇਹਦ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ, ਪਰ ਇਸ ਦੌਰਾਨ ਚਾਰਾਂ ਮੰਜ਼ਿਲਾਂ 'ਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਸ ਘਟਨਾ 'ਤੇ ਡਿਵੀਜ਼ਨ ਨੰਬਰ 3 ਦੇ ਐਸਐਚਓ ਨੇ ਕਿਹਾ ਕਿ ਉਹਨਾਂ ਦੀ ਡਿਊਟੀ ਦੌਰਾਨ ਹੀ ਇਹ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪੁੱਜੇ। ਉਹਨਾਂ ਦੱਸਿਆ ਕਿ ਜੇ ਅੱਗ ਪਟਾਖਿਆਂ ਕਾਰਨ ਲੱਗੀ ਹੈ ਤਾਂ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜਿੰਮੇਵਾਰ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.