ਤਾਜਾ ਖਬਰਾਂ
ਬਠਿੰਡਾ, 30 ਜੂਨ 2025 – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਲੋਕਾਂ ਲਈ ਨਵੀਨਤਮ "ਈਜ਼ੀ ਰਜਿਸਟਰੀ" ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਹੁਣ ਜਾਇਦਾਦ ਦੀ ਰਜਿਸਟਰੀ ਸਿਰਫ਼ 48 ਘੰਟਿਆਂ ਦੇ ਅੰਦਰ ਪੂਰੀ ਹੋ ਜਾਵੇਗੀ। ਇਹ ਪ੍ਰਣਾਲੀ ਲੋਕ-ਕੇਂਦਰਤ ਅਤੇ ਪਾਰਦਰਸ਼ੀ ਬਣਾਈ ਗਈ ਹੈ, ਜਿਸਦਾ ਮੁੱਖ ਉਦੇਸ਼ ਲੋਕਾਂ ਨੂੰ ਦਫ਼ਤਰਾਂ ਦੇ ਚੱਕਰਾਂ ਅਤੇ ਵਿਚੋਲਿਆਂ ਦੀ ਲੁਟ ਤੋਂ ਬਚਾਉਣਾ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਸੀਕਾ ਨਵੀਸਾਂ ਅਤੇ ਵਕੀਲਾਂ ਨਾਲ ਇਕ ਮੀਟਿੰਗ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ।
ਨਵੀਂ ਪ੍ਰਣਾਲੀ ਅਧੀਨ ਲੋਕ ਜਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ’ਚ ਰਜਿਸਟਰੀ ਕਰਵਾ ਸਕਣਗੇ। ਸੇਵਾ ਸਹਾਇਕ 1076 ਹੈਲਪਲਾਈਨ ਰਾਹੀਂ ਘਰ ਬੁਲਾਏ ਜਾ ਸਕਣਗੇ, ਜੋ ਦਸਤਾਵੇਜ਼ ਤਿਆਰ ਕਰਨ ਦੀ ਸਹੂਲਤ ਦੇਣਗੇ। ਇਹ ਵਿਸ਼ੇਸ਼ ਤੌਰ ‘ਤੇ ਪੇਂਡੂ ਇਲਾਕਿਆਂ, ਸੀਨੀਅਰ ਨਾਗਰਿਕਾਂ ਅਤੇ ਕੰਮਕਾਜ ਵਾਲਿਆਂ ਲਈ ਬਹੁਤ ਹੀ ਲਾਭਕਾਰੀ ਹੋਵੇਗੀ। ਇਸ ਪ੍ਰਣਾਲੀ ਰਾਹੀਂ ਰਜਿਸਟਰੀ ਸੰਬੰਧੀ ਸਮੂਹ ਜਾਣਕਾਰੀ ਵਟਸਐਪ ਰਾਹੀਂ ਮਿਲੇਗੀ, ਜਿਸ ਨਾਲ ਲੋਕ ਹਰ ਪਲ ਅਪਡੇਟ ਰਹਿਣਗੇ।
ਨਵਾਂ ਸਿਸਟਮ ਡਿਜੀਟਲ ਵਿਕਲਪਾਂ ਨਾਲ ਲੈਸ ਹੈ – ਆਨਲਾਈਨ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਲੈ ਕੇ, ਰਜਿਸਟਰੀ ਲਈ ਆਪਣੀ ਮਰਜ਼ੀ ਅਨੁਸਾਰ ਸਮਾਂ ਲੈਣ ਅਤੇ ਸੇਲ ਡੀਡ ਖੁਦ ਤਿਆਰ ਕਰਨ ਦੀ ਆਜ਼ਾਦੀ ਤੱਕ। ਇਹਨਾਂ ਨਵੀਆਂ ਵਿਵਸਥਾਵਾਂ ਨਾਲ ਲੋਕਾਂ ਦੀ ਵਿਚੋਲਿਆਂ ਤੋਂ ਮੁਕਤੀ ਹੋਵੇਗੀ ਅਤੇ ਉਹ ਸਰਕਾਰੀ ਸਿਸਟਮ ’ਤੇ ਜ਼ਿਆਦਾ ਭਰੋਸਾ ਕਰ ਸਕਣਗੇ। ਘਰ ਬੈਠਿਆਂ ਹੀ ਰਜਿਸਟਰੀ ਦੇ ਸਾਰੇ ਕਾਗਜ਼ ਤਿਆਰ ਕਰਵਾਏ ਜਾ ਸਕਣਗੇ।
ਇਸ ਤੋਂ ਇਲਾਵਾ, ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਵਰਗੀਆਂ ਰਕਮਾਂ ਦਾ ਆਨਲਾਈਨ ਭੁਗਤਾਨ ਵੀ ਸੰਭਵ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਂਕਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਰਹੇਗੀ ਅਤੇ ਨਕਦੀ ਦੀ ਸੁਰੱਖਿਆ ਦੀ ਚਿੰਤਾ ਵੀ ਘੱਟ ਹੋਵੇਗੀ। ਕੋਈ ਵੀ ਵਿਅਕਤੀ ਜੇਕਰ ਕਿਸੇ ਰਿਸ਼ਵਤ ਜਾਂ ਬੇਨਸਾਫੀ ਦੀ ਸ਼ਿਕਾਇਤ ਕਰਨੀ ਹੋਵੇ ਤਾਂ ਉਹ ਵਟਸਐਪ ਲਿੰਕ ਰਾਹੀਂ ਕਰ ਸਕੇਗਾ ਅਤੇ ਕਾਰਵਾਈ ਦੀ ਜਾਣਕਾਰੀ ਵੀ ਤੁਰੰਤ ਮਿਲੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Get all latest content delivered to your email a few times a month.