IMG-LOGO
ਹੋਮ ਪੰਜਾਬ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਘੱਗਰ ਦਰਿਆ ਦਾ ਕੀਤਾ...

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਘੱਗਰ ਦਰਿਆ ਦਾ ਕੀਤਾ ਦੌਰਾ- ਹੜ੍ਹ ਰੋਕੂ ਪ੍ਰਬੰਧਾਂ ਦੀ ਕੀਤੀ ਸਮੀਖਿਆ...

Admin User - Jun 30, 2025 08:40 PM
IMG

ਪਟਿਆਲਾ, 30 ਜੂਨ- ਮਾਨਸੂਨ ਦੇ ਚਲਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬਾਦਸ਼ਾਹਪੁਰ ਅਤੇ ਹਰਚੰਦਪੁਰਾ ਖੇਤਰਾਂ ਵਿੱਚ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਪਾਣੀ ਦੇ ਵਹਾਅ ਦੀ ਸਥਿਤੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਵੱਲੋਂ ਘੱਗਰ ਅਤੇ ਹੋਰ ਦਰਿਆਵਾਂ ‘ਤੇ ਪਲ-ਪਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਆਸ਼ਵਾਸਨ ਦਿੱਤਾ ਕਿ ਕਿਸੇ ਵੀ ਹੰਗਾਮੀ ਹਾਲਤ ਲਈ ਪ੍ਰਬੰਧ ਤਿਆਰ ਹਨ।

ਡਾ. ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਡਰੇਨੇਜ ਵਿਭਾਗ ਦੇ ਸਹਿਯੋਗ ਨਾਲ ਪੂਰੇ ਇੰਤਜ਼ਾਮ ਕੀਤੇ ਗਏ ਹਨ। ਡਰੋਨ ਰਾਹੀਂ ਨਦੀਆਂ ਦੇ ਨਾਜ਼ੁਕ ਖੇਤਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਜਿੱਥੇ ਵੀ ਜ਼ਰੂਰੀ ਸੀ, ਉਥੇ ਬੰਨ੍ਹਾਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਐਸ.ਡੀ.ਐਮ. ਅਸ਼ੋਕ ਕੁਮਾਰ ਅਤੇ ਐਕਸੀਐਨ ਪ੍ਰਥਮ ਗੰਭੀਰ ਵੀ ਇਸ ਦੌਰੇ ਦੌਰਾਨ ਉਨ੍ਹਾਂ ਨਾਲ ਮੌਜੂਦ ਸਨ।

ਉਨ੍ਹਾਂ ਇਹ ਵੀ ਕਿਹਾ ਕਿ ਦੋ ਸਾਲ ਪਹਿਲਾਂ ਹੋਈ ਹੜ੍ਹਾਂ ਦੇ ਨੁਕਸਾਨ ਤੋਂ ਸਿੱਖ ਲੈਂਦੇ ਹੋਏ, ਇਸ ਵਾਰ ਅਗਾਊਂ ਤੌਰ ‘ਤੇ ਪੂਰੀ ਤਿਆਰੀ ਕੀਤੀ ਗਈ ਹੈ। ਜ਼ਿਲ੍ਹੇ ਦੇ ਜਲ ਨਿਕਾਸ, ਲੋਕ ਨਿਰਮਾਣ ਅਤੇ ਜਲ ਸਰੋਤ ਵਿਭਾਗਾਂ ਨੂੰ ਪਿਛਲੇ ਚਾਰ ਮਹੀਨੇ ਪਹਿਲਾਂ ਹੀ ਸੂਚਨਾ ਦੇ ਦਿੱਤੀ ਗਈ ਸੀ ਕਿ ਹੜ੍ਹਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਰਣਨੀਤਕ ਥਾਵਾਂ ‘ਤੇ ਮਿੱਟੀ ਨਾਲ ਭਰੇ ਏ.ਸੀ. ਥੈਲੇ ਵੀ ਤਿਆਰ ਕਰਵਾ ਦਿੱਤੇ ਗਏ ਹਨ, ਜੋ ਮਗਨਰੇਗਾ ਅਤੇ ਹੋਰ ਯੋਜਨਾਵਾਂ ਰਾਹੀਂ ਸੰਭਵ ਹੋਏ।

ਐਕਸੀਐਨ ਪ੍ਰਥਮ ਗੰਭੀਰ ਨੇ ਜਾਣਕਾਰੀ ਦਿੱਤੀ ਕਿ ਡਰੇਨੇਜ ਵਿਭਾਗ ਵੱਲੋਂ ਉੱਤਰ–ਪੱਛਮ ਖੇਤਰਾਂ, ਜਿਵੇਂ ਕਿ ਹਿਮਾਚਲ ਤੇ ਹਰਿਆਣਾ ਤੋਂ ਆਉਣ ਵਾਲੇ ਪਾਣੀ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਸਾਰੇ ਗੇਜ ਸੈੱਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰਕੰਡਾ ਦਰਿਆ ਤੋਂ ਆਉਣ ਵਾਲਾ ਪਾਣੀ ਇਸ ਵੇਲੇ ਘੱਗਰ ਵਿੱਚ ਦਸ ਫੁੱਟ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਕਾਫੀ ਘੱਟ ਹੈ। ਇਸ ਦੌਰੇ ਦੌਰਾਨ ਸਥਾਨਕ ਪੰਚਾਇਤ ਮੈਂਬਰ, ਸਰਪੰਚ ਅਤੇ ਵਿਭਾਗੀ ਅਧਿਕਾਰੀ ਵੀ ਹਾਜ਼ਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.