ਤਾਜਾ ਖਬਰਾਂ
ਜਗਰਾਓਂ, 1 ਜੁਲਾਈ 2025 –
ਨਸ਼ਾ ਤਸਕਰੀ ਦੇ ਮਾਮਲਿਆਂ 'ਚ ਫ਼ਸੇ ਹਰਪ੍ਰੀਤ ਸਿੰਘ ਲੌਂਗਾ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਦੇ ਨਜਾਇਜ਼ ਤੌਰ 'ਤੇ ਬਣਾਏ ਕੋਠੀਨੁਮਾ ਘਰ ਨੂੰ ਅੱਜ ਜਗਰਾਓਂ ਪ੍ਰਸ਼ਾਸਨ ਨੇ ਪੁਲਿਸ ਦੀ ਭਾਰੀ ਹਾਜ਼ਰੀ ਵਿੱਚ ਢਾਹ ਦਿੱਤਾ। ਇਹ ਕਾਰਵਾਈ ਕੋਠੇ ਖੰਜੂਰਾਂ ਰੋਡ ਨੇੜੇ ਪੰਜ ਨੰਬਰ ਚੂੰਗੀ ਵਿਖੇ ਅੰਜ਼ਾਮ ਦਿੱਤੀ ਗਈ। ਐੱਸਐੱਸਪੀ ਡਾ. ਅੰਕੂਰ ਗੁਪਤਾ ਅਤੇ ਡੀਐੱਸਪੀ ਜਸਜਯੋਤ ਸਿੰਘ ਨੇ ਪੁਲਿਸ ਦੀ ਅਗਵਾਈ ਕੀਤੀ, ਜਦਕਿ ਨਗਰ ਕੌਂਸਲ ਦੇ ਕਾਰਜ ਸਾਧਕ ਸੁਖਦੇਵ ਸਿੰਘ ਰੰਧਾਵਾ ਸਮੇਤ ਕੌਂਸਲ ਅਮਲਾ ਮੌਕੇ 'ਤੇ ਮੌਜੂਦ ਰਿਹਾ।
ਇਸ ਮੌਕੇ 'ਤੇ ਇਕ ਵਿਸ਼ਾਲ ਕੋਠੀ ਜੋ ਨਜਾਇਜ਼ ਉਸਾਰੀ ਵਿੱਚ ਆਉਂਦੀ ਸੀ, ਕੁਝ ਘੰਟਿਆਂ ਵਿੱਚ ਹੀ ਬੁਲਡੋਜ਼ਰ ਰਾਹੀਂ ਢਹਾ ਦਿੱਤੀ ਗਈ। ਐੱਸਐੱਸਪੀ ਅਨਕੂਰ ਗੁਪਤਾ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਕੌਂਸਲ ਦੀ ਮੰਗ 'ਤੇ ਲੁਧਿਆਣਾ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਨਾਲ ਕੀਤੀ ਗਈ। ਪੁਲਿਸ ਦੀ ਤੈਨਾਤੀ ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖਣ ਲਈ ਕੀਤੀ ਗਈ ਸੀ।
ਵਿਰੋਧ 'ਚ ਵਕੀਲ ਰਾਜਾ ਦੀ ਦਲੀਲ:
ਘਰ ਦੇ ਮਾਲਕ ਹਰਪ੍ਰੀਤ ਸਿੰਘ ਲੌਂਗਾ ਦੇ ਵਕੀਲ ਰਾਜਵਿੰਦਰ ਸਿੰਘ ਰਾਜਾ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ ਅਤੇ ਅਗਲੀ ਸੁਣਵਾਈ 4 ਜੁਲਾਈ ਨੂੰ ਹੋਣੀ ਹੈ। ਇਨ੍ਹਾਂ ਅਨੁਸਾਰ, ਨਗਰ ਕੌਂਸਲ ਦੇ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਹੋ ਚੁੱਕੇ ਹਨ ਜੋ ਕਿ ਉਨ੍ਹਾਂ ਵੱਲੋਂ ਰਿਸੀਵ ਵੀ ਕਰ ਲਏ ਗਏ ਸਨ। ਇਨ੍ਹਾਂ ਨੇ ਅਦਾਲਤੀ ਹੁਕਮ ਦੀ ਉਡੀਕ ਕਰਨ ਦੀ ਲੋੜ ਦੱਸਦੇ ਹੋਏ ਇਹ ਕਾਰਵਾਈ ਅਣਉਚਿਤ ਦੱਸ ਦਿੱਤੀ।
ਸੁਖਦੇਵ ਸਿੰਘ ਰੰਧਾਵਾ ਨੇ ਜਵਾਬ ਦੇਣ ਤੋਂ ਕੀਤੀ ਪਰਹੇਜ਼ੀ:
ਜਦ ਮੀਡੀਆ ਨੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਕੋਲੋਂ ਅਦਾਲਤ ਦੇ ਸੰਮਨ ਵਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕੋਈ ਵੀ ਸਿੱਧਾ ਜਵਾਬ ਨਾ ਦਿੱਤਾ ਅਤੇ ਮੀਡੀਆ ਤੋਂ ਬਚਦੇ ਹੋਏ ਥਾਂ ਛੱਡ ਦਿੱਤੀ।
Get all latest content delivered to your email a few times a month.