ਤਾਜਾ ਖਬਰਾਂ
ਨਸ਼ੇ ਦੇ ਵਧ ਰਹੇ ਖ਼ਤਰੇ ਨੂੰ ਲੈ ਕੇ ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਪੁਲਿਸ ਨੇ 1 ਕਿਲੋ 500 ਗ੍ਰਾਮ ਆਈਸ (ਮੈਥ), 1 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ (ਹੀਰੋਇਨ) ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਨ੍ਹਾਂ ਤੋਂ ਇਲਾਵਾ, ਦੋਸ਼ੀਆਂ ਦੀ ਇਕ ਕਰੂਜ਼ ਕਾਰ ਵੀ ਪੁਲਿਸ ਵਲੋਂ ਜ਼ਬਤ ਕੀਤੀ ਗਈ ਹੈ ਜੋ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਸੀ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਵਿੱਕੀ ਪੁੱਤਰ ਬਿੱਟੂ ਵਾਸੀ ਕਰਤਾਰ ਨਗਰ, ਖੰਨਾ (ਉਮਰ 33 ਸਾਲ) ਅਤੇ ਸੁਖਮਨ ਸਿੰਘ ਉਰਫ਼ ਸ਼ਨੀ ਪੁੱਤਰ ਸਵਰਨ ਸਿੰਘ ਵਾਸੀ ਅੰਮ੍ਰਿਤਸਰ, ਹਾਲ ਵਾਸੀ ਖਰੜ (ਉਮਰ 27 ਸਾਲ) ਵਜੋਂ ਹੋਈ ਹੈ।
ਇਹ ਕਾਰਵਾਈ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਰੋਜ਼ਾਨਾ ਗਸ਼ਤ ਦੌਰਾਨ ਅੰਜਾਮ ਦਿੱਤੀ ਗਈ। ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਵਿੱਕੀ, ਸੁਖਮਨ ਸਿੰਘ ਤੋਂ ਨਸ਼ਾ ਸਸਤੇ ਭਾਅ ਤੇ ਖਰੀਦ ਕੇ ਖੰਨਾ 'ਚ ਲਿਆਉਂਦਾ ਸੀ। ਸੁਖਮਨ ਸਿੰਘ ਆਪਣੀ ਕਰੂਜ਼ ਕਾਰ ਰਾਹੀਂ ਨਸ਼ਾ ਸਪਲਾਈ ਕਰਦਾ ਸੀ ਅਤੇ ਉਨ੍ਹਾਂ ਦੋਵਾਂ ਵਿਚਕਾਰ ਪੱਕੀ ਸਾਂਝ ਬਣੀ ਹੋਈ ਸੀ।
ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਦੋਵਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਅਗਲੇ ਦਿਨਾਂ 'ਚ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਹੈ। ਪੁਲਿਸ ਇਸ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਭਾਲ ਵੀ ਕਰ ਰਹੀ ਹੈ।
Get all latest content delivered to your email a few times a month.