ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਫੈਸਲੇ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਸਿੱਖ ਰਵਾਇਤਾਂ ਦੇ ਉਲਟ ਹੈ, ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਚਤਾ ਨੂੰ ਵੀ ਚੁਣੌਤੀ ਦਿੰਦਾ ਹੈ। ਉਨ੍ਹਾਂ ਮੁਤਾਬਕ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਜੋ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦੇਣ।
ਸਰਨਾ ਨੇ ਇਲਜ਼ਾਮ ਲਾਇਆ ਕਿ ਇਹ ਫੈਸਲੇ ਕਿਸੇ ਸਿਆਸੀ ਸਾਜ਼ਿਸ਼ ਦਾ ਨਤੀਜਾ ਹਨ ਜੋ ਸਿੱਖ ਰਵਾਇਤਾਂ ਅਤੇ ਇਕਜੁੱਟਤਾ ਨੂੰ ਨੁਕਸਾਨ ਪਹੁੰਚਾਉਣ ਲਈ ਲਏ ਗਏ ਹਨ। ਇਸ ਤਰ੍ਹਾਂ ਦੇ ਫ਼ੈਸਲੇ ਪੰਜ ਤਖ਼ਤਾਂ ਦੀ ਸਾਂਝੀ ਗੁਰਮਤਾਵਾਂ ਅਤੇ ਸਿੱਖ ਪਰੰਪਰਾਵਾਂ ਦੇ ਉਲੰਘਣ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਹੀ ਪੰਥਕ ਅਤੇ ਵਿਸ਼ਵ ਪੱਧਰ ਦੇ ਮਸਲਿਆਂ 'ਤੇ ਆਖ਼ਰੀ ਫੈਸਲਾ ਲੈ ਸਕਦਾ ਹੈ।
ਉਨ੍ਹਾਂ ਯਾਦ ਦਿਵਾਇਆ ਕਿ 2003 ਵਿੱਚ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਗੁਰਮਤਾ ਜਾਰੀ ਹੋਈ ਸੀ ਜਿਸ ਮੁਤਾਬਕ ਸਿਰਫ਼ ਅਕਾਲ ਤਖ਼ਤ ਹੀ ਪੰਥਕ ਮਾਮਲਿਆਂ ਬਾਰੇ ਆਖਰੀ ਫੈਸਲਾ ਦੇ ਸਕਦਾ ਹੈ, ਜਦਕਿ ਹੋਰ ਤਖ਼ਤ ਸਿਰਫ਼ ਸਥਾਨਕ ਮਸਲਿਆਂ 'ਤੇ ਫੈਸਲੇ ਕਰਨ ਦੇ ਅਧਿਕਾਰੀ ਹਨ। ਸਰਨਾ ਨੇ ਕਿਹਾ ਕਿ ਇਹੋ ਜਿਹੇ ਫ਼ੈਸਲੇ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹਨ ਅਤੇ ਪੰਥਕ ਇਕਤਾ ਨੂੰ ਖੰਡਿਤ ਕਰਨ ਵਾਲੀਆਂ ਚਾਲਾਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਫ਼ੈਸਲੇ ਲੈਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਮਾਫੀ ਮੰਗਣੀ ਚਾਹੀਦੀ ਹੈ, ਨਾ ਕਿ ਗੁਰੂ ਸਾਹਿਬ ਦੇ ਅਸਥਾਨਾਂ ਦੀ ਆੜ ਲੈ ਕੇ ਪੰਥ ਵਿੱਚ ਵਿਵਾਦ ਪੈਦਾ ਕਰਨੇ ਚਾਹੀਦੇ ਹਨ। ਸਰਨਾ ਨੇ ਆਖ਼ਰ ’ਚ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਦੀ ਸਿੱਖ ਕੌਮ ਵੱਲੋਂ ਮਿਆਰੀ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।
Get all latest content delivered to your email a few times a month.